—— “ਤੁਸੀਂ ਚੰਗਾ ਨਹੀਂ ਕਰਦੇ” —-
——-(ਰਾਮ ਸਿੰਘ ਇਨਸਾਫ਼ ਦਾ ਸ਼ਿਕਵਾ)——
ਲਾਰੇ ਤੁਸੀਂ ਇਧਰ ਲਾਉਂਦੇ ਹੋ, ਪੀਘਾਂ ਓਧਰ ਚੜ੍ਹਾਉਂਦੇ ਹੋ,
ਬੜਾ ਸਾਨੂੰ ਤੜਫ਼ਾਉੰਦੇ ਹੋ, ਤੁਸੀਂ ਚੰਗਾ ਨਹੀਂ ਕਰਦੇ।
ਜਾਮ ਇਧਰ ਟਕਰਾਉਂਦੇ ਹੋ, ਮੋਹਰ ਤੁਸੀਂ ਓਧਰ ਲਾਉਂਦੇ ਹੋ ।
ਜ਼ਮੀਰ ਨੂੰ ਗਹਿਣੇ ਪਾਉਂਦੇ ਹੋ, ਤੁਸੀਂ ਚੰਗਾ ਨਹੀਂ ਕਰਦੇ।
ਰੋਣ ਦਾ ਢੋਂਗ ਰਚਾਉਂਦੇ ਹੋ, ਮੋਢਾ ਅਰਥੀ ਨੂੰ ਲਾਉਂਦੇ ਹੋ,
ਮਰੇ ਦਾ ਸ਼ੁਕਰ ਮਨਾਉਂਦੇ ਹੋ, ਤੁਸੀਂ ਚੰਗਾ ਨਹੀਂ ਕਰਦੇ।
ਜੇ ਸਾਕੀ ਬਣਕੇ ਆਉਂਦੇ ਹੋ,ਵੱਧ ਘੱਟ ਕਿਉਂ ਪਾਉਂਦੇ ਹੋ,
ਰੀਤ ਨੂੰ ਦਾਗ਼ ਲਾਉਂਦੇ ਹੋ, ਤੁਸੀਂ ਚੰਗਾ ਨਹੀਂ ਕਰਦੇ।
ਅੱਗ ਤੁਸੀਂ ਖੁਦ ਲਗਾਉਂਦੇ ਹੋ, ਧੁਖਦੀ ਨੂੰ ਹੋਰ ਮਚਾਉਂਦੇ ਹੋ ।
ਦੋਸ਼ ਹੋਰਾਂ ਸਿਰ ਲਾਉਂਦੇ ਹੋ, ਤੁਸੀਂ ਚੰਗਾ ਨਹੀਂ ਕਰਦੇ।
ਹੋਰਾਂ ਦੀ ਲੋਅ ਬੁਝਾਉਂਦੇ ਹੋ, ਘਰ ਆਪਣਾ ਰੁਸ਼ਨਾਉਂਦੇ ਹੋ,
ਏਦਾਂ ਜੋ ਦੀਵਾਲੀ ਮਨਾਉਂਦੇ ਹੋ, ਤੁਸੀਂ ਚੰਗਾ ਨਹੀਂ ਕਰਦੇ।
ਆਪੇ ਤੁਸੀਂ ਗਰੀਬ ਬਣਾਉਂਦੇ ਹੋ, ਉਹਨਾਂ ਨੂੰ ਮੰਗਣ ਲਾਉਂਦੇ ਹੋ,
ਫਿਰ ਦਾਨੀ ਕਹਾਉਂਦੇ ਹੋ, ਤੁਸੀਂ ਚੰਗਾ ਨਹੀਂ ਕਰਦੇ।
ਪਾਪ ਤੇ ਪਾਪ ਕਮਾਉਂਦੇ ਹੋ, ਮੰਦਿਰੀਂ ਭੁੱਲ ਬਖਸ਼ਾਉਂਦੇ ਹੋ,
ਸੱਚ ਨੂੰ ਫ਼ਾਹੇ ਲਾਉਂਦੇ ਹੋ, ਤੁਸੀਂ ਚੰਗਾ ਨਹੀਂ ਕਰਦੇ।
ਨੋਹਾਂ ਨੂੰ ਲਾਂਬੂ ਲਾਉਂਦੇ ਹੋ,ਅਣਜੰਮੀਆਂ ਮਾਰ ਮੁਕਾਉਂਦੇ ਹੋ,
ਸ਼ੋਰ ਬਰਾਬਰਤਾ ਦਾ ਪਾਉਂਦੇ ਹੋ, ਤੁਸੀਂ ਚੰਗਾ ਨਹੀਂ ਕਰਦੇ।
ਦਬਦੇ ਨੂੰ ਹੋਰ ਦਬਾਉਂਦੇ ਹੋ, ਝੁਕਦੇ ਨੂੰ ਹੋਰ ਝੁਕਾਉਂਦੇ ਹੋ,
‘ਇਨਸਾਫ਼’ ਕੋਲ਼ੋਂ ਕਤਰਾਉਂਦੇ ਹੋ, ਤੁਸੀਂ ਚੰਗਾ ਨਹੀਂ ਕਰਦੇ ।
Login first to enter comments.