ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ) : ਆਮ ਆਦਮੀ ਪਾਰਟੀ ਵੱਲੋਂ ਜਲੰਧਰ ਕੈਂਟ ਵਿੱਚ ਦੀਪਕ ਬਾਲੀ ਨੂੰ ਨਵਾਂ ਹਲਕਾ ਇੰਚਾਰਜ ਲਗਾਏ ਜਾਣ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ, ਮਹਿਲਾ ਕਾਂਗਰਸ ਜਲੰਧਰ ਅਰਬਨ, ਅਨੁਰਾਧਾ ਬੰਗਾ ਨੇ ਕਿਹਾ ਕਿ ਇਹ ਫੈਸਲਾ ਆਮ ਆਦਮੀ ਪਾਰਟੀ ਦੀ ਅੰਦਰੂਨੀ ਬੁਖਲਾਹਟ ਅਤੇ ਆਪਣੇ ਹੀ ਆਗੂਆਂ ਦੀਆਂ ਕਾਰਗੁਜ਼ਾਰੀਆਂ ਤੋਂ ਪੈਦਾ ਹੋਈ ਨਾਰਾਜ਼ਗੀ ਦਾ ਨਤੀਜਾ ਨਜ਼ਰ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਾਜਵਿੰਦਰ ਕੌਰ ਥਿਆੜਾ ਨੂੰ ਹਟਾ ਕੇ ਦੀਪਕ ਬਾਲੀ ਨੂੰ ਅੱਗੇ ਕਰ ਦੇਣ ਨਾਲ ਜਲੰਧਰ ਕੈਂਟ ਦੀ ਜ਼ਮੀਨੀ ਹਕੀਕਤ ਨਹੀਂ ਬਦਲਣੀ। ਅਸਲ ਸਵਾਲ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਿੱਚ ਉੱਠ ਰਹੇ ਸਵਾਲਾਂ ਦਾ ਜਵਾਬ ਕੌਣ ਦੇਵੇਗਾ?
ਅਨੁਰਾਧਾ ਬੰਗਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਹਲਕੇ ਵਿੱਚ ਭ੍ਰਿਸ਼ਟਾਚਾਰ, ਕਥਿਤ ਗੈਰ-ਕਾਨੂੰਨੀ ਕੰਮਾਂ, ਨਸ਼ੇ ਦੇ ਮੁੱਦਿਆਂ, ਗ਼ੈਰ ਕਾਨੂੰਨੀ ਮਾਈਨਿੰਗ ਅਤੇ ਸੰਵਿਧਾਨਕ ਮਰਯਾਦਾਵਾਂ ਦੇ ਉਲੰਘਣ ਨਾਲ ਜੁੜੇ ਗੰਭੀਰ ਸਵਾਲਾਂ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਸਿਆਸੀ ਚਿਹਰਾ ਬਦਲਣ ਲਈ ਮਜਬੂਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੀਪਕ ਬਾਲੀ ਨੂੰ ਇਸ ਸਮੇਂ ਅੱਗੇ ਕਰਕੇ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਆਪਣੀ ਨਾਕਾਮੀ ਦਾ ‘ਬਲੀ ਦਾ ਬਕਰਾ’ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਰਫ਼ ਚਿਹਰਾ ਬਦਲਣ ਨਾਲ ਲੋਕਾਂ ਦੇ ਸਵਾਲ ਖ਼ਤਮ ਨਹੀਂ ਹੁੰਦੇ ਅਤੇ ਨਾ ਹੀ ਪਿਛਲੇ ਸਮੇਂ ਦੀ ਜਵਾਬਦੇਹੀ ਤੋਂ ਬਚਿਆ ਜਾ ਸਕਦਾ ਹੈ।
ਅਨੁਰਾਧਾ ਬੰਗਾ ਨੇ ਕਿਹਾ ਕਿ ਸਰਦਾਰ ਪ੍ਰਗਟ ਸਿੰਘ ਅਤੇ ਕਾਂਗਰਸ ਪਾਰਟੀ ਜਲੰਧਰ ਕੈਂਟ ਦੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹਨ। ਕਾਂਗਰਸ ਕਿਸੇ ਦੇ ਹਲਕਾ ਇੰਚਾਰਜ ਬਣਨ ਜਾਂ ਹਟਣ ਤੋਂ ਘਬਰਾਉਣ ਵਾਲੀ ਨਹੀਂ। ਸਾਡੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਸਗੋਂ ਭ੍ਰਿਸ਼ਟਾਚਾਰ, ਧੱਕੇਸ਼ਾਹੀ, ਬੇਨਿਯਮੀਆਂ ਅਤੇ ਲੋਕਤੰਤਰ ਵਿਰੋਧੀ ਰਾਜਨੀਤੀ ਦੇ ਖ਼ਿਲਾਫ਼ ਹੈ।
ਉਨ੍ਹਾਂ ਅਖੀਰ ਵਿੱਚ ਕਿਹਾ ਕਿ “ਜਲੰਧਰ ਕੈਂਟ ਦੇ ਲੋਕ ਸਭ ਕੁਝ ਦੇਖ ਰਹੇ ਹਨ। ਕਾਗਜ਼ਾਂ ’ਤੇ ਕੀਤੇ ਬਦਲਾਅ ਨਾਲ ਜ਼ਮੀਨ ’ਤੇ ਬਣੀ ਸਿਆਸੀ ਤਸਵੀਰ ਨਹੀਂ ਬਦਲਦੀ। ਆਉਣ ਵਾਲੇ ਸਮੇਂ ਵਿੱਚ ਲੋਕ ਆਪਣੇ ਵੋਟ ਰਾਹੀਂ ਇਸ ਸਾਰੀ ਸਿਆਸੀ ਬੁਖਲਾਹਟ ਦਾ ਜਵਾਬ ਦੇਣਗੇ।”





Comments
No comments yet.