ਪੈਨਸ਼ਨ ਬਹਾਲੀ ਲਈ ਰਾਮਲੀਲਾ ਮੈਦਾਨ ਦਿੱਲੀ ’ਚ ਪਹੁੰਚਣਗੇ ਲੱਖਾਂ ਕਰਮਚਾਰੀ:ਢੰਡੇ, ਛੋਕਰ
29 ਸਤੰਬਰ (ਵਿਕਰਾਂਤ ਮਦਾਨ) ਜਲੰਧਰ : ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਪੰਜਾਬ ’ਚ ਬਹਾਲ ਕਰਨ ਦਾ ਕੀਤਾ ਵਾਅਦਾ ਲੱਗਭੱਗ 2 ਸਾਲ ਹੋਣ ਤੇ ਵੀ ਪੂਰਾ ਨਹੀਂ ਕੀਤਾ । ਇਸ ਤੋਂ ਇਲਾਵਾ ਵੱਖ-ਵੱਖ ਰਾਜ ਸਰਕਾਰਾਂ ਵੱਲੋਂ ਵੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ਦੇ ਵਿਰੋਧ ’ਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਲੱਖਾਂ ਕਰਮਚਾਰੀਆਂ ਵੱਲੋਂ 1 ਅਕਤੂਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਪਹੁੰਚਕੇ ਰੈਲੀ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਆਪ ਸਰਕਾਰ ਦੇ ਮੌਜੂਦਾ ਵਿੱਤ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਬਣਨ ’ਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇਗੀ । ਪਰ ਸਰਕਾਰ ਬਣਨ ਦੇ ਲੱਗਭੱਗ 2 ਸਾਲ ਹੋਣ ਤੋਂ ਬਾਅਦ ਵੀ ਪੰਜਾਬ ’ਚ ਆਪ ਦੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਸੰਬੰਧੀ ਪੁਣੀ ਵੀ ਨਹੀਂ ਕੱਤੀ ਗਈ । ਇਸ ਤੋਂ ਇਲਾਵਾ ਆਪ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਰਾਜਾਂ ਵਿੱਚ ਇਸਤਿਹਾਰਾਂ ਰਾਂਹੀ ਸੂਬੇ ਦਾ ਕਰੌੜਾਂ ਰੁਪਿਆ ਖਰਚ ਕਰਕੇ ਪੰਜਾਬ ਵਿੱਚ ਪੈਨਸ਼ਨ ਬਹਾਲੀ ਬਾਬਤ ਝੂਠ ਬੋਲ ਰਹੇ ਹਨ। ਇਸ ਤੋਂ ਇੰਨਾ ਦੀ ਕਹਿਣੀ ਤੇ ਕਰਨੀ ਦੇ ਫਰਕ ਦਾ ਪਤਾ ਲੱਗਦਾ ਹੈ । ਇਸ ਰੈਲੀ ਵਿੱਚ ਪੰਜਾਬ ਦੇ ਹਜਾਰਾਂ ਕਰਮਚਾਰੀਆਂ ਵੱਲੋਂ ਸਮੂਲੀਅਤ ਕਰਕੇ ਦੇਸ਼ ਦੇ ਲੋਕਾਂ ਸਾਹਮਣੇ ਸਰਕਾਰ ਦੇ ਝੂਠੇ ਲਾਰਿਆ ਦੀ ਅਸਲੀਅਤ ਦੱਸੀ ਜਾਵੇਗੀ। ਕਰਮਚਾਰੀ ਆਗੂਆਂ ਨੇ ਕਿਹਾ ਕਿ ਜੇਕਰ ਆਪ ਸਰਕਾਰ ਵੱਲੋਂ ਉਨ੍ਹਾਂ ਦੀ ਮੁੱਖ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜੱਥੇਬੰਦੀ ਵੱਲੋਂ ਦਿੱਲੀ ਰੈਲੀ ਦੌਰਾਨ ਦੇਸ਼ ਦੇ ਲੱਖਾਂ ਲੋਕਾਂ ਸਾਹਮਣੇ ਉਨ੍ਹਾਂ ਦੇ ਝੂਠ ਦਾ ਭਾਡਾਂ ਭੰਨਿਆ ਜਾਵੇਗਾ। ਆਗੂਆਂ ਨੇ ਪੁਰਾਣੀ ਪੈਨਸ਼ਨ ਤੋਂ ਵਾਂਝੇ 2 ਲੱਖ ਦੇ ਕਰੀਬ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮੰਗ ਦੀ ਬਹਾਲੀ ਲਈ ਦਿੱਲੀ ਰੈਲੀ ’ਚ ਵੱਧ ਤੋਂ ਵੱਧ ਪਹੁੰਚਣ।






Login first to enter comments.