Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕੂੜੇ ਦੇ ਢੇਰਾਂ ਹੇਠ ਦੱਬ ਰਹੀ ਜਲੰਧਰ ਦੀ ਤਸਵੀਰ, ਸਰਕਾਰ ਦੱਸੇ—ਸਫ਼ਾਈ ਪ੍ਰਬੰਧ ਕਿੱਥੇ ਹਨ? : ਅਨੁਰਾਧਾ ਬੰਗਾ

ਮਹਿਲਾ ਕਾਂਗਰਸ ਜਲੰਧਰ ਸਿਟੀ ਦੀ ਪ੍ਰਧਾਨ ਨੇ ਕਿਹਾ—ਲੋਕਾਂ ਨੂੰ ਭਾਸ਼ਣ ਨਹੀਂ, ਸਾਫ਼ ਸ਼ਹਿਰ ਅਤੇ ਜਵਾਬਦੇਹ ਪ੍ਰਸ਼ਾਸਨ ਚਾਹੀਦਾ

ਜਲੰਧਰ ਅੱਜ ਮਿਤੀ 24 ਅਗਸਤ (ਸੋਨੂੰ) : ਜਲੰਧਰ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਸਫ਼ਾਈ ਪ੍ਰਬੰਧ ਲੜਖੜਾਉਣ ਕਾਰਨ ਵੱਖ-ਵੱਖ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗਣ ’ਤੇ ਮਹਿਲਾ ਕਾਂਗਰਸ ਜਲੰਧਰ ਸਿਟੀ ਦੀ ਪ੍ਰਧਾਨ ਪ੍ਰੋ. ਅਨੁਰਾਧਾ ਬੰਗਾ ਨੇ ਪੰਜਾਬ ਸਰਕਾਰ ਅਤੇ ਜਲੰਧਰ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਅਨੁਰਾਧਾ ਬੰਗਾ ਨੇ ਕਿਹਾ ਕਿ ਜਲੰਧਰ ਦੇ ਲੋਕ ਸਫ਼ਾਈ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਵੀ ਪਰੇਸ਼ਾਨ ਹੋ ਰਹੇ ਹਨ, ਜਦਕਿ ਸਰਕਾਰ ਵੱਲੋਂ ਵਿਕਾਸ ਅਤੇ ਬਦਲਾਅ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਜਨਤਕ ਥਾਵਾਂ ਦੇ ਆਸ-ਪਾਸ ਇਕੱਠਾ ਹੋ ਰਿਹਾ ਕੂੜਾ ਸਿਰਫ਼ ਗੰਦਗੀ ਦਾ ਮਾਮਲਾ ਨਹੀਂ, ਸਗੋਂ ਲੋਕਾਂ ਦੀ ਸਿਹਤ ਨਾਲ ਸਿੱਧਾ ਜੁੜਿਆ ਗੰਭੀਰ ਮੁੱਦਾ ਹੈ।

ਉਨ੍ਹਾਂ ਕਿਹਾ, “ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਸਫ਼ਾਈ ਪ੍ਰਬੰਧ ਲਈ ਨਗਰ ਨਿਗਮ ਕੋਲ ਸਾਧਨ, ਬਜਟ ਅਤੇ ਮਸ਼ੀਨਰੀ ਮੌਜੂਦ ਹੈ ਤਾਂ ਸ਼ਹਿਰ ਦੇ ਲੋਕਾਂ ਨੂੰ ਕੂੜੇ ਦੇ ਢੇਰਾਂ ਵਿੱਚ ਰਹਿਣ ਲਈ ਕਿਉਂ ਮਜਬੂਰ ਹੋਣਾ ਪੈ ਰਿਹਾ ਹੈ? ਜੇ ਪ੍ਰਸ਼ਾਸਨ ਦੀਆਂ ਤਿਆਰੀਆਂ ਪਹਿਲਾਂ ਤੋਂ ਮਜ਼ਬੂਤ ਹੁੰਦੀਆਂ ਤਾਂ ਕੁਝ ਦਿਨਾਂ ਦੀ ਹੜਤਾਲ ਨਾਲ ਪੂਰਾ ਸ਼ਹਿਰ ਇਸ ਤਰ੍ਹਾਂ ਪ੍ਰਭਾਵਿਤ ਨਾ ਹੁੰਦਾ।”

ਅਨੁਰਾਧਾ ਬੰਗਾ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਅਤੇ ਸਰਕਾਰ ਵਿਚਕਾਰ ਟਕਰਾਅ ਦਾ ਸਭ ਤੋਂ ਵੱਡਾ ਨੁਕਸਾਨ ਆਮ ਜਨਤਾ ਨੂੰ ਝੱਲਣਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੂੜਾ ਲਗਾਤਾਰ ਇਕੱਠਾ ਹੋਣ ਨਾਲ ਬਦਬੂ, ਮੱਖੀਆਂ-ਮੱਛਰਾਂ ਅਤੇ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ, ਇਸ ਲਈ ਸਰਕਾਰ ਇਸ ਮਾਮਲੇ ਨੂੰ ਸਿਰਫ਼ ਪ੍ਰਸ਼ਾਸਨਿਕ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਨਾ ਕਰੇ।

ਮਹਿਲਾ ਕਾਂਗਰਸ ਪ੍ਰਧਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਫ਼ਾਈ ਕਰਮਚਾਰੀਆਂ ਨਾਲ ਤੁਰੰਤ ਗੱਲਬਾਤ ਕਰਕੇ ਮਸਲਾ ਹੱਲ ਕੀਤਾ ਜਾਵੇ ਅਤੇ ਸ਼ਹਿਰ ਵਿੱਚ ਐਮਰਜੈਂਸੀ ਅਧਾਰ ’ਤੇ ਸਫ਼ਾਈ ਪ੍ਰਬੰਧ ਬਹਾਲ ਕੀਤੇ ਜਾਣ।

ਅਨੁਰਾਧਾ ਬੰਗਾ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਸ਼ਹਿਰ ਮਿਲਣਾ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਮਹਿਲਾ ਕਾਂਗਰਸ ਆਮ ਲੋਕਾਂ ਨਾਲ ਜੁੜੇ ਹਰ ਮੁੱਦੇ ਨੂੰ ਮਜ਼ਬੂਤੀ ਨਾਲ ਉਠਾਉਂਦੀ ਰਹੇਗੀ ਅਤੇ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦੀ ਰਹੇਗੀ।

Comments

No comments yet.



Latest News

Number of Visitors - 233760

Share this Post