ਪ੍ਰੋ. ਅਨੁਰਾਧਾ ਬੰਗਾ ਨੇ ਪੰਜਾਬ ਸਰਕਾਰ ਦੀ ਕਥਿਤ "ਸਿੱਖਿਆ ਕ੍ਰਾਂਤੀ" 'ਤੇ ਸਵਾਲ ਚੁੱਕੇ |
ਜੇਕਰ ਸਰਕਾਰੀ ਸਿੱਖਿਆ ਪ੍ਰਣਾਲੀ ਵਿੱਚ ਸੱਚਮੁੱਚ ਸੁਧਾਰ ਹੋਇਆ ਹੈ ਤਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਕਿਉਂ ਘਟ ਰਹੀ ਹੈ? : ਪ੍ਰੋ. ਅਨੁਰਾਧਾ ਬੰਗਾ ਪ੍ਰਧਾਨ, ਮਹਿਲਾ ਕਾਂਗਰਸ ਜਲੰਧਰ
ਜਲੰਧਰ ਅੱਜ ਮਿਤੀ 6 ਅਗਸਤ (ਸੋਨੂੰ) : ਮਹਿਲਾ ਕਾਂਗਰਸ ਜਲੰਧਰ ਸਿਟੀ ਦੀ ਪ੍ਰਧਾਨ ਪ੍ਰੋ. ਅਨੁਰਾਧਾ ਬੰਗਾ ਨੇ ਪੰਜਾਬ ਸਰਕਾਰ ਦੀ ਕਥਿਤ "ਸਿੱਖਿਆ ਕ੍ਰਾਂਤੀ" 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਸਰਕਾਰੀ ਸਿੱਖਿਆ ਪ੍ਰਣਾਲੀ ਵਿੱਚ ਸੱਚਮੁੱਚ ਸੁਧਾਰ ਹੋਇਆ ਹੈ ਤਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਕਿਉਂ ਘਟ ਰਹੀ ਹੈ?
ਉਨ੍ਹਾਂ ਕਿਹਾ ਕਿ ਉਪਲਬਧ ਅੰਕੜਿਆਂ ਅਨੁਸਾਰ ਕਲਾਸ ਦਸਵੀਂ ਵਿੱਚ ਦਾਖਲੇ 2018 ਦੇ 5.00 ਲੱਖ ਤੋਂ ਘਟ ਕੇ 2026 ਵਿੱਚ 2.75 ਲੱਖ ਰਹਿ ਗਏ ਹਨ, ਜਦਕਿ ਕਲਾਸ ਬਾਰ੍ਹਵੀਂ ਵਿੱਚ ਦਾਖਲੇ 3.90 ਲੱਖ ਤੋਂ ਘਟ ਕੇ 2.26 ਲੱਖ ਰਹਿ ਗਏ ਹਨ। ਇਹ ਅੰਕੜੇ ਸਰਕਾਰ ਦੇ ਸਿੱਖਿਆ ਸੁਧਾਰਾਂ ਦੇ ਦਾਅਵਿਆਂ 'ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ ਅਤੇ ਜ਼ਮੀਨੀ ਹਕੀਕਤ ਨੂੰ ਬਿਆਨ ਕਰਦੇ ਹਨ।
ਪ੍ਰੋ. ਅਨੁਰਾਧਾ ਬੰਗਾ ਨੇ ਕਿਹਾ ਕਿ ਸਰਕਾਰੀ ਸਕੂਲ ਅੱਜ ਵੀ ਅਧਿਆਪਕਾਂ ਦੀ ਘਾਟ, ਬੁਨਿਆਦੀ ਸਹੂਲਤਾਂ ਦੀ ਕਮੀ ਅਤੇ ਡਿੱਗਦੇ ਸਿੱਖਿਆ ਮਿਆਰ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ, ਅਧਿਆਪਕਾਂ ਦੀ ਭਰਤੀ ਕਰਨ ਅਤੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ।





Comments
No comments yet.