ਆਈਪੀਐਸ ਪੂਰਨ ਕੁਮਾਰ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਤੇ ਪੰਜਾਬ ਵਿੱਚ ਦਲਿਤਾਂ 'ਤੇ ਅੱਤਿਆਚਾਰਾਂ ਨੂੰ ਰੋਕਣ ਦੀ ਕੀਤੀ ਮੰਗ
G2M 15 ਅਕਤੂਬਰ 2025 Jalandhar/ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦਾ ਇੱਕ ਵਫਦ ਅੱਜ ਪੰਜਾਬ ਦੇ ਰਾਜਪਾਲ ਮਾਣਯੋਗ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਵਫਦ ਦੀ ਅਗਵਾਈ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ। ਇਸ ਵਫਦ ਵਿੱਚ ਬਸਪਾ ਦੇ ਸੂਬਾ ਕੋਆਰਡੀਨੇਟਰ ਤੇ ਵਿਧਾਇਕ ਨਵਾਂਸ਼ਹਿਰ ਡਾ. ਨਛੱਤਰ ਪਾਲ, ਸੂਬਾ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ, ਸੂਬਾ ਕੋਆਰਡੀਨੇਟਰ ਤੀਰਥ ਸਿੰਘ ਮਹਿਰਾ ਰਾਜਪੁਰਾ, ਸੂਬਾ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ ਤੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਸ਼ਾਮਿਲ ਸਨ।
ਇਸ ਮੌਕੇ ਬਸਪਾ ਆਗੂਆਂ ਨੇ ਰਾਜਪਾਲ ਤੋਂ ਏਡੀਜੀਪੀ ਹਰਿਆਣਾ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਦੀ ਮੌਤ ਦੇ ਮਾਮਲੇ ਵਿੱਚ ਨਿਰਪੱਖ ਉੱਚ ਪੱਧਰੀ ਜਾਂਚ ਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਣਯੋਗ ਰਾਜਪਾਲ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਅਨੁਸੂਚਿਤ ਜਾਤੀਆਂ 'ਤੇ ਅੱਤਿਆਚਾਰ ਦੇ ਮਾਮਲੇ ਸਿਰਫ ਹਰਿਆਣਾ ਵਿੱਚ ਹੀ ਨਹੀਂ, ਬਲਕਿ ਪੰਜਾਬ ਵਿੱਚ ਵੀ ਵੱਡੇ ਪੱਧਰ 'ਤੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਈਪੀਐਸ ਅਫਸਰ ਦੀ ਮੌਤ ਦੇ ਮਾਮਲੇ ਨੇ ਇਨ੍ਹਾਂ ਅੱਤਿਆਚਾਰਾਂ ਦੇ ਮਾਮਲਿਆਂ ਨੂੰ ਮੁੜ ਉਭਾਰਿਆ ਹੈ। ਇਸ ਕਰਕੇ ਲੋਕਾਂ ਵਿੱਚ, ਖਾਸ ਕਰਕੇ ਐਸਸੀ ਵਰਗ ਵਿੱਚ ਕਾਫੀ ਰੋਸ ਹੈ ਤੇ ਉਹ ਇਨ੍ਹਾਂ ਨੂੰ ਬਰਦਾਸ਼ਤ ਕਰਨ ਵਾਲੇ ਨਹੀਂ ਹਨ। ਪੰਜਾਬ ਵਿੱਚ ਆਪ ਦੀ ਸਰਕਾਰ ਵਿੱਚ ਸੱਤਾਧਾਰੀ ਧਿਰ ਤੇ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਦੇ ਨਾਲ-ਨਾਲ ਐਸਸੀ ਵਰਗ 'ਤੇ ਵੀ ਵੱਡੇ ਪੱਧਰ 'ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਪਟਿਆਲਾ ਦੇ ਪਿੰਡ ਬਸੋਈ ਕਲਾਂ ਵਿੱਚ ਐਸਸੀ ਵਰਗ ਦੇ ਲੋਕਾਂ ਨੇ ਪੰਚਾਇਤੀ ਜ਼ਮੀਨ ਦੇ ਐਸਸੀ ਲਈ ਰਾਖਵੇਂ 35 ਏਕੜ ਹਿੱਸੇ ਦੀ ਬੋਲੀ ਦਿੱਤੀ ਸੀ। ਇਸ ਦੇ ਲਈ ਉਨ੍ਹਾਂ ਵੱਲੋਂ ਪੰਚਾਇਤ ਵਿਭਾਗ ਨੂੰ ਕਰੀਬ ਸਾਢੇ ਗਿਆਰਾਂ ਲੱਖ ਰੁਪਏ ਜਮ੍ਹਾਂ ਵੀ ਕਰਵਾਏ ਗਏ ਸਨ, ਪਰ ਅੱਜ ਤੱਕ ਉਨ੍ਹਾਂ ਨੂੰ ਪੰਚਾਇਤੀ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਵਿਰੋਧੀ ਲੈਂਡ ਮਾਫੀਆ ਵੱਲੋਂ ਉਨ੍ਹਾਂ 'ਤੇ ਹਮਲਾ ਵੀ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਵੀ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਐਸਸੀ ਵਰਗ ਦੇ ਦੋ ਸਰਪੰਚਾਂ 'ਤੇ ਹਮਲੇ ਕੀਤੇ ਗਏ, ਪਰ ਇਨ੍ਹਾਂ ਮਾਮਲਿਆਂ ਵਿੱਚ ਵੀ ਸੱਤਾਧਾਰੀ ਧਿਰ ਦੇ ਪ੍ਰਭਾਵ ਹੇਠ ਲੋੜੀਂਦੀ ਸਖਤ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਐਸਸੀ ਵਰਗ ਦੇ ਲੋਕਾਂ ਨੂੰ ਝੂਠੇ ਪਰਚਿਆਂ ਵਿੱਚ ਵੀ ਫਸਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਨਜਾਇਜ਼ ਰੂਪ ਵਿੱਚ ਜੇਲ੍ਹ ਭੇਜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਜਲੰਧਰ ਵਿੱਚ ਵੀ ਸੱਤਾਧਾਰੀ ਧਿਰ ਤੇ ਪੁਲਿਸ ਪ੍ਰਸ਼ਾਸਨ ਦੇ ਗੱਠਜੋੜ ਵੱਲੋਂ ਐਸਸੀ ਵਰਗ ਤੇ ਆਮ ਲੋਕਾਂ ਖਿਲਾਫ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਜਲੰਧਰ ਦੇ ਖਾਸ ਕਰਕੇ ਹਲਕਾ ਕਰਤਾਰਪੁਰ ਵਿੱਚ ਬਹੁਤ ਵੱਡੇ ਪੱਧਰ 'ਤੇ ਦਲਿਤਾਂ ਸਮੇਤ ਆਮ ਲੋਕਾਂ 'ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦਿਹਾਤੀ ਦੇ ਮੌਜ਼ੂਦਾ ਐਸਐਸਪੀ ਦੇ ਕਾਰਜਕਾਲ ਵਿੱਚ ਹੀ ਥਾਣਾ ਲਾਂਬੜਾ ਪੁਲਿਸ ਵੱਲੋਂ ਚੋਰੀ ਦੇ ਝੂਠੇ ਮਾਮਲੇ ਵਿੱਚ ਲੋਕਾਂ ਨੂੰ ਨਜਾਇਜ਼ ਰੂਪ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ ਤੇ ਇੱਕ ਪਿੰਡ ਦੇ ਸਰਪੰਚ ਨੂੰ ਵੀ ਨਜਾਇਜ਼ ਰੂਪ ਵਿੱਚ ਪੁਲਿਸ ਘਰੋਂ ਚੁੱਕ ਕੇ ਲੈ ਗਈ। ਇਸ ਤੋਂ ਇਲਾਵਾ ਹੋਰ ਸਰਪੰਚਾਂ, ਜਿਹੜੇ ਕਿ ਸੱਤਾ ਧਿਰ ਨਾਲ ਸਬੰਧਤ ਨਹੀਂ, ਉਨ੍ਹਾਂ ਦਾ ਵੀ ਦਮਨ ਕੀਤਾ ਜਾ ਰਿਹਾ। ਝੂਠੇ ਪਰਚਿਆਂ 'ਚ ਬੇਗੁਨਾਹ ਕਰ ਦਿੱਤੇ ਗਏ ਲੋਕਾਂ ਦੇ ਚਲਾਨ ਪੇਸ਼ ਕੀਤੇ ਜਾ ਰਹੇ। ਕਤਲ ਵਰਗੇ ਸੰਗੀਨ ਮਾਮਲਿਆਂ ਵਿੱਚ ਵੀ ਜਲਦ ਕਾਰਵਾਈ ਨਹੀਂ ਕੀਤੀ ਜਾ ਰਹੀ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਦਲਿਤਾਂ ਦੇ ਧਾਰਮਿਕ ਮਾਮਲਿਆਂ ਵਿੱਚ ਵੀ ਆਪ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਠੇਕੇ ਖੋਲੇ ਗਏ ਹਨ ਤੇ ਇਸ ਤੋਂ ਇਲਾਵਾ ਸ਼ਰਾਬ ਦੀਆਂ ਨਜਾਇਜ਼ ਬ੍ਰਾਂਚਾਂ ਵੀ ਖੋਲੀਆਂ ਗਈਆਂ। ਹੁਸ਼ਿਆਰਪੁਰ ਦੇ ਹੀ ਪਿੰਡ ਚਾਂਗ ਬਸੋਈ ਦੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਲਕਾ ਫਿਲੌਰ ਦੇ ਪਿੰਡ ਧੁਲੇਤਾ ਵਿੱਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀਆਂ ਕੰਧਾਂ ਨੂੰ ਤੋੜਿਆ ਗਿਆ। ਹਾਲਾਂਕਿ ਸਰਕਾਰ ਨੇ ਬਾਅਦ ਵਿੱਚ ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਮੁੜ ਕੰਧਾਂ ਬਣਾਉਣ ਦੀ ਗੱਲ ਨੂੰ ਮੰਨਿਆ, ਪਰ ਇਸ ਮਾਮਲੇ ਵਿੱਚ ਘਟਨਾ ਲਈ ਜ਼ਿੰਮੇਵਾਰ ਜਲੰਧਰ ਦੇ ਡੀਸੀ ਤੇ ਜਲੰਧਰ ਦਿਹਾਤੀ ਦੇ ਐਸਐਸਪੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਖਿਲਾਫ ਵੀ ਕਾਨੂੰਨ ਮੁਤਾਬਕ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਇਸ ਮਾਮਲੇ ਵਿੱਚ ਮਾਫੀ ਮੰਗਣ। ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਕਾਫੀ ਖਰਾਬ ਹੋ ਰਹੀ ਹੈ, ਜਿਸ ਨੂੰ ਤੁਰੰਤ ਸੁਧਾਰਨ ਦੀ ਲੋੜ ਹੈ। ਇਸ ਤੋਂ ਇਲਾਵਾ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਅਜੇ ਵੀ ਨਸ਼ਾ ਬਹੁਤ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ ਤੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਸ ਬੁਰਾਈ ਨੂੰ ਖਤਮ ਕਰਨ ਦੀ ਸਖਤ ਲੋੜ ਹੈ। ਇਸ ਤੋਂ ਇਲਾਵਾ ਹੜ੍ਹਾਂ ਦੇ ਮਾਮਲਿਆਂ ਵਿੱਚ ਵੀ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਪੀੜਤ ਲੋਕਾਂ ਦੀ ਜ਼ਰੂਰੀ ਮਦਦ ਨਹੀਂ ਕੀਤੀ ਗਈ।






Login first to enter comments.