ਜਲੰਧਰ ਵਿੱਚ ਕੀਤੇ ਜਾ ਰਹੇ ਝੂਠੇ ਪਰਚੇ, ਨਜਾਇਜ਼ ਗ੍ਰਿਫ਼ਤਾਰੀਆਂ, ਲਾਠੀਚਾਰਜ
ਹਲਕਾ ਕਰਤਾਰਪੁਰ ਵਿੱਚ ਕੀਤੀਆਂ ਗਈਆਂ ਧੱਕੇਸ਼ਾਹੀਆਂ ਦੀ ਉੱਚ ਪੱਧਰੀ ਜਾਂਚ ਹੋਵੇ: ਐਡਵੋਕੇਟ ਬਲਵਿੰਦਰ ਕੁਮਾਰ
ਧੱਕੇਸ਼ਾਹੀਆਂ ਖਿਲਾਫ ਇਕਜੁਟ ਹੋਣ ਦੀ ਲੋੜ
G2M ਜਲੰਧਰ 14 ਅਕਤੂਬਰ 2025 ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਕੱਲਾ ਹਰਿਆਣਾ ਹੀ ਨਹੀਂ, ਪੰਜਾਬ ਵਿੱਚ ਵੀ ਸਰਕਾਰੀ ਤੌਰ 'ਤੇ ਧੱਕੇਸ਼ਾਹੀਆਂ ਹੋ ਰਹੀਆਂ ਹਨ। ਹਰਿਆਣਾ ਵਿੱਚ ਆਈਪੀਐਸ ਪੂਰਨ ਕੁਮਾਰ ਨੇ ਇਨ੍ਹਾਂ ਧੱਕੇਸ਼ਾਹੀਆਂ ਨੂੰ ਮੁੜ ਲੋਕ ਚਰਚਾਵਾਂ ਦੇ ਘੇਰੇ ਵਿੱਚ ਲਿਆਂਦਾ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਪੂਰਨ ਕੁਮਾਰ ਦੀ ਆਤਮਹੱਤਿਆ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਖਾਸ ਕਰਕੇ ਦਲਿਤਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਹੀ ਪੰਜਾਬ ਵਿੱਚ ਵੀ ਅਜਿਹੇ ਮਾਮਲਿਆਂ ਵਿੱਚ ਇਨਸਾਫ ਲਈ ਸੰਘਰਸ਼ ਦੀ ਜ਼ਰੂਰਤ ਹੈ। ਪੰਜਾਬ ਵਿੱਚ ਆਪ ਸਰਕਾਰ ਦੌਰਾਨ ਜਿੱਥੇ ਕਿਸਾਨਾਂ, ਆਮ ਲੋਕਾਂ ਸਰਪੰਚਾਂ, ਮੀਡੀਆ ਅਦਾਰਿਆਂ ਨਾਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉੱਥੇ ਦਲਿਤਾਂ ਨਾਲ ਵੀ ਵੱਡੇ ਪੱਧਰ 'ਤੇ ਧੱਕੇਸ਼ਾਹੀ ਹੋ ਰਹੀ ਹੈ। ਇਕੱਲੇ ਜਲੰਧਰ ਵਿੱਚ ਹੀ ਆਪ ਸਰਕਾਰ ਦੇ ਰਾਜ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ 'ਤੇ ਤਿੰਨ ਵਾਰ ਲਾਠੀਚਾਰਜ ਹੋ ਚੁੱਕਾ ਹੈ ਤੇ ਉਨ੍ਹਾਂ ਦੀਆਂ ਨਜਾਇਜ਼ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਜਿੱਥੇ ਬਾਕੀ ਹਲਕਿਆਂ ਵਿੱਚ ਧੱਕੇਸ਼ਾਹੀਆਂ ਦੇ ਮਾਮਲੇ ਸਾਹਮਣੇ ਆਏ ਹਨ, ਉੱਥੇ ਖਾਸ ਕਰਕੇ ਹਲਕਾ ਕਰਤਾਰਪੁਰ ਵਿੱਚ ਵੱਡੇ ਪੱਧਰ 'ਤੇ ਪੁਲਿਸ ਦੀ ਦੁਰਵਰਤੋਂ ਨਾਲ ਧੱਕੇਸ਼ਾਹੀਆਂ ਕੀਤੀਆਂ ਗਈਆਂ ਹਨ। ਹਲਕੇ ਵਿੱਚ ਬਾਕੀ ਵਰਗਾਂ ਦੇ ਨਾਲ-ਨਾਲ ਖਾਸ ਕਰਕੇ ਦਲਿਤਾਂ ਨੂੰ ਵੀ ਸੱਤਾਧਾਰੀ ਧਿਰ ਤੇ ਪੁਲਿਸ ਨੇ ਨਿਸ਼ਾਨਾ ਬਣਾਇਆ ਹੈ। ਝੂਠੇ ਪਰਚੇ ਪਾ ਕੇ ਉਨ੍ਹਾਂ ਨੂੰ ਬਿਨਾਂ ਕਿਸੇ ਦੋਸ਼ ਦੇ ਜੇਲ੍ਹਾਂ ਵਿੱਚ ਭੇਜਿਆ ਗਿਆ ਹੈ। ਸਰਪੰਚਾਂ 'ਤੇ ਝੂਠੇ ਪਰਚੇ ਪਾ ਕੇ ਧੱਕੇਸ਼ਾਹੀ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਨਜਾਇਜ਼ ਤੌਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਹਲਕੇ ਵਿੱਚ ਨਸ਼ੇ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਲੋਕਾਂ 'ਤੇ ਝੂਠਾ ਹਾਈਵੇ ਐਕਟ ਦਾ ਪਰਚਾ ਥਾਣਾ ਮਕਸੂਦਾਂ ਵਿੱਚ ਦਰਜ ਕੀਤਾ ਗਿਆ। ਹਾਲਾਂਕਿ ਉੱਚ ਪੱਧਰੀ ਜਾਂਚ ਵਿੱਚ ਇਹ ਮਾਮਲਾ ਝੂਠਾ ਪਾਇਆ ਗਿਆ, ਪਰ ਇਸ ਦੇ ਬਾਵਜੂਦ ਜਲੰਧਰ ਦਿਹਾਤੀ ਦੇ ਮੌਜੂਦਾ ਐਸਐਸਪੀ ਨੇ ਬੇਗੁਨਾਹ ਲੋਕਾਂ ਦਾ ਚਲਾਨ ਕੋਰਟ ਵਿੱਚ ਪੇਸ਼ ਕਰ ਦਿੱਤਾ। ਇਸ ਤੋਂ ਇਲਾਵਾ ਇੱਕ ਲੜਕੀ ਵੱਲੋਂ ਪ੍ਰਭਾਵਸ਼ਾਲੀ ਬੰਦੇ ਖਿਲਾਫ ਦਰਖਾਸਤ ਦੇਣ 'ਤੇ ਪੁਲਿਸ ਉਲਟਾ ਲੜਕੀ ਨੂੰ ਹੀ ਚੁੱਕਣ ਚਲੀ ਗਈ। ਇਸ ਤਰ੍ਹਾਂ ਦੀਆਂ ਕਾਫੀ ਧੱਕੇਸ਼ਾਹੀਆਂ ਕਰਤਾਰਪੁਰ ਤੇ ਬਾਕੀ ਜਗ੍ਹਾ ਕੀਤੀਆਂ ਗਈਆਂ। ਇਨ੍ਹਾਂ ਸਾਰਿਆਂ ਮਾਮਲਿਆਂ ਖਿਲਾਫ ਆਵਾਜ਼ ਬੁਲੰਦ ਕਰਨ ਦੀ ਲੋੜ ਹੈ, ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ, ਸੱਤਾਧਾਰੀ ਧਿਰ ਤੇ ਪ੍ਰਸ਼ਾਸਨਿਕ ਧੱਕੇਸ਼ਾਹੀ 'ਤੇ ਰੋਕ ਲੱਗ ਸਕੇ ਅਤੇ ਭਵਿੱਖ ਵਿੱਚ ਕਿਸੇ ਨਾਲ ਵੀ ਧੱਕੇਸ਼ਾਹੀ ਨਾ ਹੋਵੇ। ਹਲਕਾ ਕਰਤਾਰਪੁਰ ਵਿੱਚ ਕੀਤੀਆਂ ਗਈਆਂ ਧੱਕੇਸ਼ਾਹੀਆਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।






Login first to enter comments.