Saturday, 31 Jan 2026

"ਅਹਿਸਾਸ ਲੜੀ-28"

ਜਾਲੰਧਰ G2M29 ਜੂਨ 24:-

 

-ਸੂਰਮੇ ਲੋਕੋ-

ਤੁਸੀਂ ਕਹਿੰਦੇ ਹੋ

ਅਸੀਂ ਥੱਕ ਗਏ ਹਾਂ

ਟੁੱਟ ਗਏ ਹਾਂ

ਹਾਰ ਗਏ ਹਾਂ

ਹੰਭ ਗਏ ਹਾਂ

ਹਾਲਾਤ ਬਦਲਣ ਦੀ

ਲੱਖ ਵਾਰ ਕੀਤੀ ਕੋਸਿਸ਼

ਝਕ ਭਰ ਵੀ ਫਰਕ ਨਾ ਪਿਆ।

ਤੇ ਅਸੀਂ ਹੁਣ ਆਖਰਕਾਰ,ਹਾਰ ਹੰਭ ਕੇ

ਥੱਕ-ਟੁੱਟ ਕੇ ਖਹਿੜਾ ਛੱਡ ਦਿਤਾ ਹੈ

 

ਨਾ,ਨਾ

ਮੇਰੇ ਦੇਸ਼ ਦੇ

ਮਨ ਸੂਰਮੇ ਲੋਕੋ!

ਐਂ ਨਾ ਕਹਿਣਾ ਕਦੇ

ਕਿਉਂਕਿ ਖਹਿੜਾ

ਛੱਡ ਦੇਣ ਦਾ ਅਰਥ ਹੈ

ਵਿਰੋਧੀ ਧਿਰ ਨੂੰ ਕਹਿਣਾ

ਆ ਬਈ ਆ

ਸਾਡੇ ਨੱਕ ਨਕੇਲ ਪਾ

ਅਲਫ਼ ਨੰਗਾ ਕਰਕੇ

ਸਾਨੂੰ ਚਾਹੇ ਬੇਸ਼ਕ

ਵਿਚ ਚੌਰਾਹੇ ਲੈ ਨਚਾ

ਆ ਬਈ ਆ

ਸਾਨੂੰ ਕੋਹਲੂ ਕੋਲ ਲੈ ਜਾ

ਖੋਪੇ ਚਾਹੜ ਦੇ ਸਾਨੂੰ

ਉਮਰਾਂ ਸਾਰੀ ਲੈ ਘੁੰਮਾ

ਆ ਬਈ ਆ

ਮਜਬੂਤ ਪਿੰਜਰਾ ਲੈ ਬਣਾ

ਸਾਨੂੰ ਡੱਕ ਤੇ ਤਾਲਾ ਲਾ

ਆ ਬਈ ਆ

ਸਾਨੂੰ ਸੁੱਟ ਵਿਚ ਅਗਨੀ

ਤੂੰ ਲੈ ਲੈ ਇਕ ਬਾਸੁਰੀ

ਤੇ ਰਾਗ ਰਾਗਣੀਆ ਪਿਆ ਗਾ

ਆ ਬਈ ਆ

ਤੂੰ ਵਜਾ ਬਾਂਸੁਰੀ

ਤੇ ਸਾਨੂੰ

ਭੁੱਖਿਆਂ ਸ਼ੇਰਾਂ ਤੋਂ ਮਰਵਾ

ਨਿਜਾਮ ਸੱਕਾ

ਤੂੰ ਬਣ ਜਾ,ਤੇ ਲੈ

ਚੰਮ ਦੀਆਂ ਚਲਾ।

 

ਕਿਉਂਕਿ ਅਸੀਂ ਹੁਣ

ਸੋਚ ਆਪਣੀ ਨੂੰ

ਪੱਥਰ ਸਿਲ ਬਣਾ ਕੇ

ਜ਼ਬਾਨ ਨੂੰ ਲਗਾ ਕੇ ਤਾਲਾ

ਹੱਥਾਂ ਨੂੰ ਹਰਕਤ-ਹੀਣ

ਰਹਿਣ ਦਾ ਦਿਤਾ ਹੈ ਆਦੇਸ਼।

ਅਸੀਂ ਹੁਣ

ਸਭ ਕਾਹੇ ਦਾ ਖਹਿੜਾ ਛੱਡ ਦਿੱਤਾ ਹੈ।

ਅਸੀਂ ਹੁਣ

ਕੂਆਂਗੇ ਨਹੀਂ ਕੁਰਲਾਵਾਂਗੇ ਨਹੀਂ

ਤੂੰ ਜੋ ਚਾਹੇ ਮਰਜ਼ੀ ਕਰ ਲੈ

ਅਸੀਂ ਸਭ ਕੁਝ ਜਰਲਾਂਗੇ

ਚੁੱਪ-ਚਾਪ,ਗੈਬੀ ਭਾਣਾ ਸਮਝ ਕੇ

ਕਰਾਂਗੇ ਬਰਦਾਸ਼ਤ ।

 

ਨਾ, ਨਾ

ਮੇਰੇ ਦੇਸ਼ ਦੇ

ਮ੍ਹਾਨ ਸੂਰਮੇ ਲੋਕੋ !

ਐਂ ਨਾ ਕਰਨਾ ਬਿਲਕੁਲ

ਐਂ ਕਹਿਣਾ - ਤੇ

ਇੰਝ ਕਰਨਾ ਤਾਂ

ਸਦੀਵੀ ਗੁਲਾਮੀ ਨੂੰ ਸੱਦਾ ਦੇਣਾ

ਤੇ ਜੰਗਲ - ਯੁੱਗ -ਵਿਚ

ਪਰਤ ਜਾਣ ਦੀ ਹੈ ਤਿਆਰੀ।

 

ਮੈਂ ਜਾਣਦਾਂ ਹਾਂ

ਰਾਹ ਕੰਡਿਆਲੇ ਬਹੁਤ ਨੇ

ਤੇ ਅਸੀਂ ਹੋ ਸਕਦਾ ਹੈ

ਇਕ ਦੋ ਤਿੰਨ ਚਾਰ ਪੰਜ ਤੇ ਸ਼ਾਇਦ

ਸੌਵੀਂ ਵਾਰ ਵੀ ਡਿੱਗ ਪਈਏ ।

ਢੱਠ ਜਾਈਏ - ਗਿਰ ਜਾਈਏ ।

ਪਰ ਜੰਗਲ ਯੁਗ ਤੋਂ

ਅੱਜ ਤਕ ਦਾ ਸਫ਼ਰ

ਭਰਦਾ ਹੈ ਸਾਖੀ

ਕਿ ਅੰਤਮ ਫਤਿਹ

ਇਨਸਾਨੀ ਜੁਸਤਜੂ-

ਕਸ਼ਮਕਸ਼ ਅਤੇ ਸੰਘਰਸ਼ ਦੀ ਹੀ ਹੋਈ ਹੈ।

ਇਸ ਕਰਕੇ ਡੱਟ ਜਾਓ

ਮੇਰੇ ਦੇਸ਼ ਦੇ ਮਹਾਨ ਸੂਰਮੇ ਲੋਕੋ

ਤੇ ਕਰ ਦਿਓ

ਸੰਘਰਸ਼ ਦਾ ਐਲਾਨ !


146

Share News

Login first to enter comments.

Latest News

Number of Visitors - 134404