G2M ਜਲੰਧਰ 26 ਜੂਨ 24:-
ਲੋਕਰਾਜ
ਐ ਲੋਕ ਰਾਜ
ਸੁਣਿਐ :
ਤੇਰੀ ਆਮਦ ਨਾਲ
ਕੂੜ ਨਿਖੁਟ ਜਾਂਦੈ
ਫਤਿਹ ਸੱਚ ਦੀ
ਹੋ ਜਾਂਦੀ ਹੈ
ਤੇ ਫੈਲ ਜਾਂਦੀ ਹੈ :
ਸਰਬ ਦਿਸ਼ਾਵਾਂ ਅੰਦਰ :
ਖੁਸ਼ਬੂ,ਰੌਸ਼ਨੀ, ਜ਼ਿੰਦਗੀ ।
ਤੇਰੀ ਇਹ ਸ਼ੋਭਾ ਸੁਣ ਕੇ ਹੀ
ਅਸੀਂ ਤਾਂ ਰਹੇ ਖੜੋ
ਵਿਚ ਬਰੂਹਾਂ
ਸਦੀਆਂ ਤੀਕਣ
ਹੱਥਾਂ ਦੇ ਵਿਚ
ਫੁੱਲਾਂ ਦਾ ਗੁਲਦਸਤਾ ਲਈ
ਕਾਸ਼ ! ਆ ਜਾਵੇਂ ਜੇ ਕਿਤੇ ।
ਪਰ ਤੂੰ ਨਾ ਆਇਆ
ਸਿਕੰਦਰ ਅਤੇ ਅਬਦਾਲੀ ਆਏ
ਪਹਿਣ ਮਖੌਟਾ ਤੇਰਾ
ਹਰ ਵਾਰ
ਇਹੋ ਜਿਹਾ ਹੀ ਕੋਈ
ਐਰਾ ਗ਼ੈਰਾ ਨੱਥੂ ਖੈਰਾ ਆਇਆ
ਲੋਕ ਰਾਜ :
ਤੂੰ ਨਹੀਂ ਆਇਆ
ਉਂਝ ਤਾਂ ਹੁਣ ਵੀ
ਹਰ ਚੌਥੇ ਪੰਜਵੇਂ ਵਰ੍ਹੇ
ਆਉਂਦੀ ਹੈ ਕਨਸੋਅ
ਤੇਰੇ ਆਉਣ ਦੀ
ਤੇ ਫੇਰ
ਪਲ ਭਰ ਅੰਦਰ
ਚਕਾ-ਚੌਂਧ ਜਿਹੀ
ਛਾ ਜਾਂਦੀ ਹੈ ।
ਇਕ ਇਕ ਛਿਣ ਦੇ ਅੰਦਰ
ਤਿੰਨ ਤਿੰਨ ਮੋਟਰ ਗੱਡੀਆਂ
ਤੇਰੀ ਆਮਦ ਦਾ ਐਲਾਨ ਕਰਦੀਆਂ
ਅੱਖਾਂ ਅੱਗੋਂ ਗੁਜ਼ਰਦੀਆਂ ਨੇ : ਨ ਇਸ
ਉਹ ਆ ਰਿਹਾ ਹੈ .
ਆ ਰਿਹਾ ਹੈ
ਆ ਰਿਹੈ
ਮਹਿਕ ਉਠਦੈ ਗੁਣ-ਗੁਣਾ ਉਠਦੈ
ਧਰਤੀ ਦਾ ਹਰ ਜ਼ਰਾ
ਤੇਰੀ ਆਮਦ ਸੁਣ
ਹੋ ਜਾਂਦੈ ਦੀਵਾਨਾ ।
ਪਰ ਹਰ ਵਾਰ
ਚੋਣਾਂ ਦੇ ਖਤਮ ਹੋ ਜਾਣ ਤੋਂ ਬਾਦ
ਮਰੀ ਹੋਈ ਮੱਛੀ ਦੀ ਬਦਬੂ
ਜਦ ਚੌਪਾਸੇ ਫੈਲ ਜਾਂਦੀ ਹੈ :-
ਤਾਂ ਹੁੰਦਾ ਹੈ ਅਹਿਸਾਸ
ਕਿ ਐ ਲੋਕਰਾਜ :
ਇਸ ਵਾਰ ਵੀ
ਤੂੰ ਨਹੀਂ ਆਇਆ
ਬਦਲ ਕੇ ਭੇਸ ਤੇਰਾ
ਫੇਰ ਕੋਈ
ਕੁਬੇਰ ਹੈ ਆਇਆ ।






Login first to enter comments.