Tue, 17 Mar 2026
G2M is a social Media platform which is designed for journalists, bloggers, and content creators Join it G2M is a social Media platform which is designed for journalists, bloggers, and content creators Join it

ਜੁਆਇੰਟ ਕਮਿਸ਼ਨਰ ਪੁਲਿਸ ਵਲੋਂ ਅਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ 

ਜੁਆਇੰਟ ਕਮਿਸ਼ਨਰ ਪੁਲਿਸ ਵਲੋਂ ਅਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ 

ਬਿਨ੍ਹਾਂ ਪਹਿਚਾਣ ਤੋਂ ਮੋਬਾਇਲ ਫੋਨ ਅਤੇ ਸਿਮ ਵੇਚਣ ’ਤੇ ਪਾਬੰਦੀ 

ਵਾਹਨ ਪਾਰਕਿੰਗ ਵਾਲੀਆਂ ਥਾਵਾਂ ’ਤੇ ਸੀ.ਸੀ.ਟੀ.ਵੀ.ਕੈਮਰੇ ਲਗਾਉਣ ਦੇ ਹੁਕਮ 

ਫੁੱਟਪਾਥ ’ਤੇ ਅਣ-ਅਧਿਕਾਰਤ ਬੋਰਡ ਲਗਵਾਉਣ ’ਤੇ ਪਾਬੰਦੀ
ਜਲੰਧਰ, 14 ਜੂਨ (ਵਿਕਰਾਂਤ ਮਦਾਨ) :  ਜੁਆਇੰਟ ਕਮਿਸ਼ਨਰ ਪੁਲਿਸ ਸੰਦੀਪ ਸ਼ਰਮਾ ਵਲੋਂ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਖੇਤਰਾਂ ਅੰਦਰ ਹਾਰਨ ਵਜਾਉਣ ’ਤੇ ਪਾਬੰਦੀ ਲਗਾਈ ਹੈ। ਇਸੇ ਤਰ੍ਹਾਂ ਸਾਊਂਡ ਸਿਸਟਮ ਦੀ ਅਵਾਜ਼ 7.5 ਡੀ.ਬੀ.(ਏ) ਅਤੇ ਲਾਊਡ ਸਪੀਕਰਾਂ, ਪਟਾਕਿਆਂ ਅਤੇ ਸ਼ੌਰ ਪੈਦਾ ਕਰਨ ਵਾਲੇ ਯੰਤਰਾਂ ਦੀ ਅਵਾਜ਼ ਤੈਅ ਸੀਮਾ ਤੱਕ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। 
                   ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਜੁਆਇੰਟ ਕਮਿਸ਼ਨਰ ਪੁਲਿਸ ਨੇ ਜਾਰੀ ਹੁਕਮਾਂ ਤਹਿਤ ਜਨਤਕ ਥਾਵਾਂ ਦੀ ਹੱਦ ਨੇੜੇ ਪਟਾਕਿਆਂ  ਅਤੇ ਲਾਊਡ ਸਪੀਕਰ ਆਦਿ ਦੀ ਅਵਾਜ਼ 10 ਡੀ.ਬੀ. (ਏ) ਤੋਂ ਵੱਧ ਨਾ ਹੋਣ ਜਾਂ ਇਲਾਕੇ ਅਨੁਸਾਰ 7.5 ਡੀ.ਬੀ.(ਏ) ਜਾਂ ਦੋਵਾਂ ਵਿਚੋਂ ਜਿਹੜੀ ਘੱਟ ਹੋਵੇ, ਮੁਤਾਬਿਕ ਰੱਖਣ ਦੇ ਹੁਕਮ ਦਿੱਤੇ ਹਨ। ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਰਾਤ 10 ਵਜੇ ਤੋਂ ਸਵੇਰੇ 06 ਵਜੇ ਦੇ ਦਰਮਿਆਨ ਢੋਲ ਜਾਂ ਭੋਂਪੂ , ਅਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ, ਸਾਊਂਡ ਐਂਪਲੀਫਾਇਰ ਨਹੀਂ ਵਜਾ ਸਕੇਗਾ ਅਤੇ ਮੈਰਿਜ ਪੇਲੈਸਾਂ ਤੇ ਹੋਟਲਾਂ ਵਿੱਚ ਵੀ ਇਹ ਹੁਕਮ ਲਾਗੂ ਹੋਣਗੇ। ਇਸੇ ਤਰ੍ਹਾਂ ਪ੍ਰਾਈਵੇਟ ਸਾਊਂਡ ਸਿਸਟਮ ਵਾਲਿਆਂ ਵਲੋਂ 5 ਡੀ.ਬੀ.(ਏ) ਤੋਂ ਵੱਧ ਅਵਾਜ਼ ਨਹੀਂ ਰੱਖੀ ਜਾਵੇਗੀ ਅਤੇ ਜੇਕਰ ਇਨਾਂ ਹੁਕਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਾਊਂਡ ਸਿਸਟਮ ਅਤੇ ਸਮਾਨ ਜਬਤ ਕੀਤਾ ਜਾ ਸਕੇਗਾ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਿਊਜਿਕ ਸਿਸਟਮ ਵਾਲੇ ਵਾਹਨ ਵਿਚੋਂ ਮਿਊਜ਼ਿਕ ਦੀ ਅਵਾਜ਼ ਵਾਹਨ ਤੋਂ ਬਾਹਰ ਨਹੀਂ ਆਉਣੀ 
            ਜੁਆਇੰਟ ਕਮਿਸ਼ਨਰ ਪੁਲਿਸ ਵਲੋਂ ਜਾਰੀ ਇਕ ਹੋਰ ਹੁਕਮ ਅਨੁਸਾਰ ਸਾਈਬਰ ਕ੍ਰਾਈਮ ਨੂੰ ਰੋਕਣ ਲਈ, ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ, ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਹੁਕਮ ਜਾਰੀ ਕੀਤੇ ਹਨ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਮੋਬਾਇਲ ਫੋਨ ਅਤੇ ਸਿਮ ਵਿਕਰੇਤਾ, ਮੋਬਾਇਲ ਫੋਨ ਅਤੇ ਸਿਮ ਵੇਚਦੇ ਸਮੇਂ ਖ਼ਰੀਦਦਾਰ ਪਾਸੋਂ ਪਹਿਚਾਣ ਪੱਤਰ/ਆਈ.ਡੀ. ਪਰੂਫ/ਫੋਟੋ ਹਾਸਲ ਕੀਤੇ ਬਿਨਾਂ ਮੋਬਾਇਲ ਫੋਨ ਅਤੇ ਸਿਮ ਨਹੀਂ ਵੇਚਣਗੇ ਅਤੇ ਮੋਬਾਇਲ ਫੋਨ ਨੂੰ ਗ੍ਰਾਹਕ/ਵਿਕਰੇਤਾ ਪਾਸੋਂ ਖ਼ਰੀਦ ਕਰਨ ਸਮੇਂ ਗ੍ਰਾਹਕ/ਵਿਕਰੇਤਾ ਨੂੰ ਵੀ ਆਪਣੀ ਫਰਮ ਦੀ ਮੋਹਰ ਅਤੇ ਦਸਤਖਤਾਂ ਹੇਠ ‘ਪ੍ਰਚੇਜ਼ ਸਰਟੀਫਿਕੇਟ’ ਦੇਣਗੇ। 
             ਇਸ ਤੋਂ ਇਲਾਵਾ ਫੋਨ ਖਰੀਦਣ ਸਮੇਂ ਖ਼ਰੀਦਦਾਰ ਜਾਂ ਕੋਈ ਉਸਦਾ ਰਿਸ਼ਤੇਦਾਰ/ਜਾਣਕਾਰ ਵਿਅਕਤੀ, ਜਿਸ ਦੇ ਅਕਾਊਂਟ ਵਿਚੋਂ ਯੂ.ਪੀ.ਆਈ. ਪੇਮੈਂਟ ਜਾਂ ਕਾਰਡ ਦੁਆਰਾ ਜਾਂ ਆਨ-ਲਾਈਨ ਅਦਾਇਗੀ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਦਾ ਆਈ.ਡੀ. ਪਰੂਫ ਵੀ ਦੁਕਾਨਦਾਰ ਹਾਸਲ ਕਰਨ ਦੇ ਜਿੰਮੇਵਾਰ ਹੋਣਗੇ  ਅਤੇ ਗ੍ਰਾਹਕ ਦਾ ਨਾਮ ਅਤੇ ਜਨਮ ਮਿਤੀ, ਪਿਤਾ ਦਾ ਨਾਮ, ਘਰ ਦਾ ਪੂਰਾ ਪਤਾ, ਜਿਸ ਨੂੰ ਫੋਨ ਜਾਂ ਸਿਮ ਵੇਚਿਆ ਹੈ ਜਾਂ ਜਿਸ ਪਾਸੋਂ ਫੋਨ ਖ਼ਰੀਦਿਆ ਹੈ ਉਸ ਦਾ ਆਈ.ਡੀ. ਪਰੂਫ, ਮੋਬਾਇਲ ਅਤੇ ਸਿਮ ਖਰੀਦਣ ਵਾਲੇ ਵਿਅਕਤੀ ਦੇ ਅੰਗੂਠੇ ਦਾ ਨਿਸ਼ਾਨ ਅਤੇ ਦਸਤਖਤ, ਮੋਬਾਇਲ ਫੋਨ ਵੇਚਣ/ਖਰੀਦਣ ਦੀ ਮਿਤੀ ਅਤੇ ਸਮਾਂ, ਜਿਸ ਵਿਅਕਤੀ ਦੇ ਅਕਾਊਂਟ ਵਿਚੋਂ ਪੇਮੈਂਟ ਹੋਈ ਹੈ ਉਸ ਵਿਅਕਤੀ ਦਾ ਆਈ.ਡੀ.ਪਰੂਫ ਅਤੇ ਗ੍ਰਾਹਕ ਦੀ ਫੋਟੋ ਅਨੁਸਾਰ ਰਿਕਾਰਡ ਰਜਿਸਟਰ ਮੈਨਟੇਨ ਕਰਨਗੇ। 
             ਜੁਆਇੰਟ ਕਮਿਸ਼ਨਰ ਪੁਲਿਸ ਨੇ ਇਕ ਹੋਰ ਹੁਕਮ ਰਾਹੀਂ ਪੁਲਿਸ ਕਮਿਸ਼ਨਰੇਟ ਦੀ ਹਦੂਦ ਅੰਦਰ ਪੈਂਦੀਆਂ ਵਾਹਨ ਖੜ੍ਹੀਆਂ ਕਰਨ ਦੀਆਂ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਥਾਵਾਂ, ਹਸਪਤਾਲ, ਭੀੜ ਵਾਲੇ ਬਜਾਰਾਂ ਅਤੇ ਹੋਰ ਵਾਹਨ ਪਾਰਕ ਕਰਨ ਲਈ ਬਣੀਆਂ ਥਾਵਾਂ ਆਦਿ ਦੇ ਮਾਲਕ/ਪ੍ਰਬੰਧਕ (ਕੰਪਲੈਕਸ ਦੇ ਅੰਦਰ ਜਾਂ ਬਾਹਰ ) ਸੀ.ਸੀ.ਟੀ.ਵੀ.ਕੈਮਰੇ ਲਗਾਏ ਬਿਨਾਂ ਵਾਹਨ ਪਾਰਕਿੰਗ ਨਹੀਂ ਚਲਾਉਣਗੇ।
             ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸੀ.ਸੀ.ਟੀ.ਵੀ.ਕੈਮਰੇ ਇਸ ਤਰੀਕੇ ਨਾਲ ਲਗਾਏ ਜਾਣ ਕਿ ਜੋ ਵਾਹਨ ਪਾਰਕਿੰਗ ਦੇ ਅੰਦਰ/ਬਾਹਰ ਆਉਂਦਾ-ਜਾਂਦਾ ਹੈ ਉਸ ਵਾਹਨ ਦੀ ਨੰਬਰ ਪਲੇਟ ਅਤੇ ਵਾਹਨ ਚਲਾਉਣ ਵਾਲੇ ਵਿਅਕਤੀ ਦਾ ਚਿਹਰਾ ਸਾਫ਼ ਨਜ਼ਰ ਆਵੇ ਅਤੇ ਇਸ ਸਬੰਧੀ ਲਗਾਏ ਗਏ ਸੀ.ਸੀ.ਟੀ.ਵੀ.ਕੈਮਰਿਆਂ ਦੀ 45 ਦਿਨ ਦੀ ਰਿਕਾਰਡਿੰਗ ਦੀ ਸੀ.ਡੀ.ਤਿਆਰ ਕਰਨ ਉਪਰੰਤ ਹਰ 15 ਦਿਨ ਬਾਅਦ ਸਕਿਉਰਟੀ ਬ੍ਰਾਂਚ ਦਫ਼ਤਰ ਪੁਲਿਸ ਕਮਿਸ਼ਨਰ ਜਲੰਧਰ ਵਿੱਚ ਜਮਾਂ ਕਰਵਾਈ ਜਾਵੇ । 
             ਇਸੇ ਤਰ੍ਹਾਂ ਵਾਹਨ ਪਾਰਕ ਕਰਨ ਵਾਲੇ ਵਾਹਨ ਮਾਲਕਾਂ ਦਾ ਰਿਕਾਰਡ ਜੇਕਰ ਵਾਹਨ ਇੱਕ ਦਿਨ ਲਈ ਖੜ੍ਹਾ ਕਰਨਾ ਹੋਵੇ ਤਾਂ ਰਜਿਸਟਰ ਵਿੱਚ ਉਸ ਦਾ ਅੰਦਰਾਜ ਵਾਹਨ ਮਾਲਕ ਦਾ ਨਾਮ, ਮੋਬਾਇਲ ਨੰਬਰ, ਆਈ.ਡੀ., ਵਾਹਨ ਦੀ ਕਿਸਮ, ਰਜਿਸਟਰੇਸ਼ਨ ਨੰਬਰ, ਚੈਸੀ ਨੰਬਰ, ਇੰਜਣ ਨੰਬਰ, ਵਾਹਨ ਪਾਰਕ ਕਰਨ ਦੀ ਮਿਤੀ ਅਤੇ ਵਾਹਨ ਵਾਪਿਸ ਲੈਣ ਦੀ ਮਿਤੀ ਦਰਜ ਕਰਨ ਤੋਂ ਇਲਾਵਾ ਵਾਹਨ ਮਾਲਕ ਦੇ ਰਜਿਸਟਰ ਉਪਰ ਦਸਤਖਤ ਕਰਵਾਏ ਜਾਣ।
             ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਵਾਹਨ ਇੱਕ ਦਿਨ  ਤੋਂ ਵੱਧ ਸਮੇਂ ਲਈ ਖੜ੍ਹਾ ਕਰਨਾ ਹੋਵੇ ਤਾਂ ਉਸ ਦਾ ਅੰਦਰਾਜ ਰਜਿਸਟਰ ਵਿੱਚ ਉਕਤ ਅਨੁਸਾਰ ਕਰਕੇ ਵਾਹਨ ਮਾਲਕ ਪਾਸੋਂ ਵਾਹਨ ਦੀ ਰਜਿਸਟਰੇਸ਼ਨ ਅਤੇ ਡਰਾਇਵਿੰਗ ਲਾਇਸੰਸ ਦੀ ਫੋਟੋ ਕਾਪੀ ਲੈ ਕੇ ਬਤੌਰ ਰਿਕਾਰਡ ਰੱਖਿਆ ਜਾਵੇ । ਇਸ ਤੋਂ ਇਲਾਵਾ ਪਾਰਕਿੰਗ ਵਾਲੀਆਂ ਥਾਵਾਂ ’ਤੇ ਕੰਮ ਕਰ ਰਹੇ ਵਿਅਕਤੀਆਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧਿਤ ਥਾਣਿਆਂ ਤੋਂ ਕਰਵਾਈ ਜਾਵੇ।
            ਜੁਆਇੰਟ ਕਮਿਸ਼ਨਰ ਪੁਲਿਸ ਵਲੋਂ ਜਾਰੀ ਇਕ ਹੋਰ ਹੁਕਮ ਅਨੁਸਾਰ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹਦੂਦ ਅੰਦਰ ਸੜਕਾਂ ਦੇ ਨਾਲ-ਨਾਲ ਫੁੱਟਪਾਥ ’ਤੇ ਅਣ-ਅਧਿਕਾਰਤ ਬੋਰਡ ਲਗਵਾਉਣ, ਦੁਕਾਨਦਾਰਾਂ ਵਲੋਂ ਦੁਕਾਨਾਂ ਦੀ ਹੱਦ ਤੋਂ ਬਾਹਰ ਸੜਕਾਂ ’ਤੇ ਸਮਾਨ ਰੱਖ ਕੇ ਵੇਚਣ ਅਤੇ ਫੁੱਟਪਾਥਾਂ ’ਤੇ ਸਮਾਨ ਰੱਖ ਕੇ ਵੇਚਣ ਉਤੇ ਪਾਬੰਦੀ ਲਗਾ ਦਿੱਤੀ ਹੈ। ਉਪਰੋਕਤ ਇਹ ਸਾਰੇ ਹੁਕਮ 14.06.2024 ਤੋਂ 13.08.2024 ਤੱਕ ਲਾਗੂ ਰਹਿਣਗੇ।


67

Share News

Comments

No comments yet.



Latest News

Number of Visitors - 147137