Saturday, 31 Jan 2026

"ਅਹਿਸਾਸ ਲੜੀ- 22"

ਜਾਲੰਧਰ G2M 13 ਜੂਨ 24:-

 

ਹਿੰਮਤ -ਏ -ਮਰਦਾ (I)

 

ਅੱਧੀਓਂ ਵੱਧ

ਲਗਪਗ ਪੌਣੀ ਜ਼ਿੰਦਗੀ

ਮੈਂ ਵਿਸ਼ਵ ਦੀ ਹਰ ਘਾਟੀ, ਹਰ ਪਠਾਰ

ਹਰ ਗੁਫਾ, ਹਰ ਕੰਦਰ, ਹਰ ਪਹਾੜ -

ਦੇ ਦਰ ‘ਤੇ ਜਾ ਕਿ

ਕੜਕਦੀ ਆਵਾਜ਼ ਵਿਚ

ਅਲਾਪਦਾ ਰਿਹਾ

ਇਹੀ ਮਿੱਠੜੇ ਬੋਲ :

ਖੁਲ੍ਹ ਜਾ ਸਿੰਮ ਸਿੰਮ,ਖੁਲ੍ਹ ਜਾ ਸਿੰਮ ਸਿੰਮ

ਕਦੇ ਖੁਲ੍ਹਿਆ ਨਾ ਕੋਈ ਦਰ

ਨਾ ਖੁਲ੍ਹਿਆ ਕਦੇ ਕਿਸੇ ਦਾ ਬਾਰ ॥

ਹਰ ਪਹਾੜ, ਹਰ ਕੰਦਰ, ਹਰ ਗੁਫਾ,

ਮੇਰੇ ਹੀ ਮਿਠੜੇ ਬੋਲਾਂ ਨੂੰ

ਦੁਹਰਾਉਂਦੀ ਰਹੀ ਵਾਰ ਵਾਰ, ਹਰ ਵਾਰ :

ਖੁਲ੍ਹ ਜਾ ਸਿਮ ਸਿਮ,ਖੁਲ੍ਹ ਜਾ ਸਿਮ ਸਿਮ ।

ਸਿਮ ਸਿਮ - ਸਿਮ ਸਿਮ

ਸਿਮ ਸਿਮ - ਸਿਮ ਸਿਮ

ਖੁਲ੍ਹ ਜਾ

 

ਇਕ ਦਿਨ ਅਚਾਨਕ ਪਹਾੜਾਂ

ਗੁਫਾਵਾਂ ਤੇ ਕੰਦਰਾਂ ਵਿਚੋਂ

ਆਉਂਦੀ ਮੇਰੀ,ਸਿਮ ਸਿਮ ਖੁਲ੍ਹ ਜਾ !

ਆਵਾਜ਼ ਦੇ ਪਰਤੌਂ ਨੇ

ਕੀਤਾ ਕੁਝ ਐਸਾ ਪ੍ਰਭਾਵਿਤ

ਐਸਾ ਸ਼ਰਸਾਰ ਮੈਨੂੰ, ਮਨ ਮੇਰੇ ਨੂੰ ਛੁਹਿਆ -

ਕੁਝ ਇਸ ਤਰ੍ਹਾਂ

ਕਿ ਮੈਂ ਨਿੱਠ ਕੇ ਬੈਠਣ ਲਈ

ਮਜਬੂਰ ਹੋ ਗਿਆ !

ਸੋਚ ਕੇ, ਵਿਚਾਰ ਕੇ, ਸੌ ਵਾਰ

ਪੀਸਣ ਪੀਸ ਕੇ

ਖੋਲ੍ਹ ਦਿੱਤੇ ਮੈਂ ਆਪਣੇ ਕਪਾਟ

ਗਿਆਨ ਚਕਸ਼ੂ,

ਸ਼ਿਵ ਨੇਤਰ

ਤੀਜੀ ਅੱਖ ਦੇ ਦੁਆਰ,

ਲਿਖੀ ਪਈ ਸੀ ਉਥੇ

ਇਕ ਸਤਰੀ ਇੱਬਾਦਤ :

ਹਿੰਮਤ-ਏ-ਮਰਦਾਂ,ਮਦਦ-ਏ-ਖੁਦਾ!

ਮੈਂ ਸ਼ਮਸ਼ੀਰੇ ਦਸਤ ਨੂੰ ਪਹਿਣ ਕੇ

ਕੁੱਦ ਪਿਆ ਜੀਵਨ ਦੇ ਹਰ ਖੇਤਰ ਵਿਚ

ਆਤਮ ਵਿਸ਼ਵਾਸ ਦਾ ਦਾਮਨ ਪਕੜ ਕੇ ।

ਮੇਰੀ ਮਿਹਨਤ - ਮੁਸ਼ੱਕਤ

ਲਗਨ ਤੇ ਆਤਮ ਵਿਸ਼ਵਾਸ ਨੇ

ਖੋਲ੍ਹ ਦਿੱਤੇ

 

ਹਰ ਪਹਾੜ, ਹਰ ਗੁਫਾ, ਹਰ ਕੰਦਰ, ਦੇ ਦੁਆਰ!

ਧਰਤੀ ਦੀ ਹਿੱਕ ਆਸਮਾਨ ਦਾ ਸੀਨਾ

ਫਲਕ ਦੇ ਸਿਤਾਰੇ

ਸੂਰਜ - ਚੰਦ -ਤਾਰੇ

ਸਭ ਨੱਚ ਰਹੇ ਸਨ ਨਾਲ ਮੇਰੇ

ਤੇ ਖੋਲ੍ਹ ਰਹੇ ਸਨ

ਮੇਰੀ ਖਾਤਰ ਆਪਣੇ ਦੁਆਰ

ਖੋਲ੍ਹ ਰਹੇ ਸਨ ਆਪਣੇ ਭੇਦ

ਹਿੰਮਤ-ਮਿਹਨਤ, ਲਗਨ ਨਾਲ ਖੋਲ੍ਹ ਲਏ ਜਿਸ

ਦਿਲ, ਦਿਮਾਗ ਤੇ ਆਤਮਾ ਨੂੰ ਲਗੇ ਤਾਲੇ !

 

ਫਿਰ ਗਾੜੀ ਰਾਹ ਕੋਈ ਮੁਸ਼ਕਲ ਨਹੀਂ

ਫਿਰ ਬੰਦ ਨਹੀਂ ਰਹਿ ਸਕਦਾ ਕੋਈ ਦੁਆਰ !

ਕਿਉਂਕਿ ਚਿੱਟੇ ਦਿਨ

ਕੰਧ ਤੇ ਲਿਖੇ ਵਾਂਗ

ਪੜ੍ਹ ਲਿਆ ਹੈ ਮੈਂ ਸਾਫ਼

ਹਿੰਮਤ-ਏ-ਮਰਦਾਂ

ਮਦਦ-ਏ-ਖੁਦਾ ।


54

Share News

Login first to enter comments.

Latest News

Number of Visitors - 134247