Saturday, 31 Jan 2026

"ਅਹਿਸਾਸ" ਲੜੀ-21

ਜਾਲੰਧਰ G2M 9ਜੂਨ 24:-

 

ਤ੍ਰੈ ਮੂੰਹੀਂ ਵਸਤ

ਪਤਾ ਨਹੀ ਉਹ ਕਿਹੜਾ ਵਕਤ

ਤੇ ਕਿਸ ਤਰਾਂ ਦੀ ਘੜੀ ਸੀ

ਮੈਂ ਜਾ ਰਿਹਾ ਸਾਂ ਸਰੇ ਰਾਹ

ਦੁਨੀਆਂ ਦੇ ਖੁਲ੍ਹੇ ਬਾਜ਼ਾਰ ਵਿਚ

ਅਚਾਨਕ ਬਿੱਲਕੁਲ ਭੋਲੇ ਭਾ

ਮੈਂ ਟਕਰਾ ਕੇ ਡਿੱਗਾ

ਤ੍ਰੈ ਮੂੰਹੀਂ ਇਕ ਵਸਤ ਦੇ ਨਾਲ

ਮੈਂ ਡਿੱਗਾ ਸਾਂ ਧਾ ਦੇ ਕੇ

ਮੂੰਹ ਪਰਨੇ ਕੁਝ ਇਸ ਤਰ੍ਹਾਂ

ਕਿ ਜਾ ਪਿਆ ਸਾਂ

ਉਹਦੇ ਚਰਨਾਂ ਵਿਚਕਾਰ

ਸੁੱਧ-ਬੁੱਧ ਰਹੀ ਨਹੀਂ ਸੀ ਮੈਨੂੰ

ਤੇ ਹੋਸ਼ -ਓ-ਹਵਾਸ ਮੈਂ ਸਾਰੀ

ਬੈਠਾ ਸਾਂ ਗਵਾ।

 

ਕੱਠੀ ਕੀਤੀ ਹਿੰਮਤ

ਫੇਰ ਉੱਠਿਆ

ਆਪੇ ਨੂੰ ਸੰਭਾਲਿਆ

ਲੀੜੇ-ਲੱਤੇ ਨੂੰ ਛੱਡਿਆ

ਪੱਗ ਨੂੰ ਲਪੇਟਿਆ

ਮੂੰਹ ‘ਤਾਂ ਚੱਕਿਆ

ਤਾਂ ਜਾਣੇ -ਅਣਜਾਣੇ

ਮੇਰੀ ਨਜ਼ਰ

ਤ੍ਰੈ ਮੂੰਹੀਂ ਵਸਤ ‘ਤੇ ਜਾ ਪਈ

ਜਿਸ ਨਾਲ ਟਕਰਾ ਕੇ

ਡਿੱਗਾ ਸਾਂ ਧਾ ਦੇ ਕੇ

ਉਸ ਤ੍ਰੈ ਮੂੰਹੋਂ ਦੇ ਤਿੰਨ ਮੁੱਖਾਂ ‘ਤੇ

ਬੜਾ ਹੁਸਨ, ਬੜਾ ਨੂਰ, ਬੜਾ ਜਲੌ ਸੀ

ਮੈਂ ਦੇਖਦਾ ਰਹਿ ਗਿਆ

ਸਾਰਾ ਦਾ ਸਾਰਾ

 

ਉਸਦੇ ਜਲਵੇ,ਹੁਸਨ ਤੇ ਜਲੌ

ਦੀ ਗ੍ਰਿਫਤ ਵਿਚਕਾਰ

ਆ ਗਿਆ ਸਾਂ ਮੈਂ

ਕਿ ਪਿਛੋਂ

ਮੇਰੀ ਮਾਂ ਨੇ, ਮੇਰੇ ਪਿਤਾ ਨੇ

ਮਾਰੀ ਆਵਾਜ਼

ਇਹ ਤ੍ਰੈ-ਮੂੰਹਾਂ ਨੂਰਾਨੀ ਚਿਹਰਾ

ਦੁਸ਼ਮਣੀ-ਦਵੈਸ਼-ਨਫ਼ਰਤ ਹੈ

ਇਹਦੀ ਚੁੰਗਲ ਵਿਚ ਨਾ ਆ

ਪਰ ਤਿੰਨਾਂ ਚਿਹਰਿਆਂ ‘ਤੇ

ਚਮਕ ਦਮਕ ਏਨੀ ਭਾਰੂ

ਕਿ ਪਲ-ਭਰ

ਅੱਖ ਝਪਕੇ ਬਿਨਾਂ

ਤਕਦਾ ਰਿਹਾ ਸਾਂ ਉਸਦਾ ਜਲੌ !

ਕਿ ਪਿੱਛੋਂ

ਮੇਰੇ ਗੁਰੂ -ਪੀਰ

ਬਾਬੇ ਨਾਨਕ ਨੇਂ ਆਵਾਜ਼ ਮਾਰੀ

ਰਘਮ ਸਚਦੇਵਾ ਅੱਖਾਂ ਮੀਟ ਲੈ

ਇਹ ਦੁਸ਼ਮਣੀ,ਦਵੈਸ਼, ਨਫ਼ਰਤ ਹੈ

ਜਿਨੇ ਡੋਬੀ ਦੁਨੀਆਂ ਸਾਰੀ ਹੈ

ਘੁੰਮਣ ਘੇਰੀ ਵਿਚ ਨਾ ਫੱਸ, ਇਹਦੀ ਪਕੜ ਵਿਚ ਨਾ ਆ

ਤੇ ਅੱਖਾਂ ਮੀਟ ਲੈ।

 

ਪਰ ਮੈਂ, ਹਾਂ! ਮੈਂ

ਅੱਖ ਝਪਕੇ ਬਿਨਾਂ

ਸਲਾਹੁੰਦਾ ਰਿਹਾ ਤੋਲਦਾ ਰਿਹਾ

ਜਲਵਾ-ਏ-ਨੂਰਾਨੀ

ਦੇ ਆਪਣੀਆਂ ਦੋਹਾਂ ਬਾਹਵਾਂ ਵਿਚ

ਭਰ ਲਿਆ ਮੈਂ

ਤ੍ਰੈ ਮੂੰਹੇ ਹੁਸਨ ਗਗਨੀ ਨੂੰ

ਕਿ ਅੰਤਮ ਵਾਰ

ਪਿੱਛੋਂ ਦੀ

ਨਾਥਨ ਕੇ ਨਾਥ,

ਨੇ ਮਾਰੀ ਆਵਾਜ਼

ਦੀਨਾ ਨਾਥ

ਰਘੂ ਇਹ ਦੁਸ਼ਮਣੀ-ਦਵੈਸ਼-ਨਫ਼ਰਤ ਹੈ

ਮਨੁੱਖ ਜਾਤੀ ਦਾ ਅੰਤ

ਮਨੁੱਖ ਜਾਤੀ ਦਾ ਕਾਲ ਹੈ।

ਇਹ ਖੂਨੀ ਗਲਵੱਕੜੀ ਤਿਆਗ

ਅੱਖਾਂ ਨੂਟ

ਤੇ ਨੌ ਦੋ ਗਿਆਰਾਂ ਹੋ ਜਾ

 

ਪਰ ਮੈਂ ਮਾਂ-ਬਾਪ,ਗੁਰੂ-ਪੀਰ ਤੇ ਰੱਬ ਦੀ

ਸੁਣੀ ਅਣਸੁਣੀ ਕਰਕੇ

ਤੇ ਕੰਨਾਂ ਵਿਚ ਬੱਚੇ ਦੇ ਕੇ

ਧਾ ਦੇ ਕੇ ਮਾਰੀ ਛਾਲ

ਤ੍ਰੈ ਮੂੰਹੇਂ ਨੂਰਾਨੀ ਚਿਹਰੇ ਦੀ ਝੋਲੀ ਵਿਚ।

 

ਤੇ ਉਸ ਦੀ ਝੋਲੀ ਵਿਚ

ਧਾ ਦੇ ਕੇ ਡਿੱਗਣ ਤੋਂ ਬਾਅਦ

ਜਦ ਮੈਂ ਮੂੰਹ ਚੁੱਕਿਆ, ਤੱਕਿਆ ਉਤਾਂਹ ਕੰਨੀ

ਤਾਂ ਹੋਇਆ ਅਹਿਸਾਸ ਮੈਨੂੰ

ਮੈਂ ਤਾਂ ਲੁੱਟਿਆ ਗਿਆ ਸਾਰੇ ਦਾ ਸਾਰਾ

ਹੋ ਚੁੱਕਾ ਬਰਬਾਦ ਸਾਂ

 

ਤ੍ਰੈ ਮੂੰਹੇਂ ਨੂਰਾਨੀ ਚਮਕ ਦਮਕ ਵਾਲੇ ਚਿਹਰੇ :

ਜੰਗਲੀ ਦਰਿੰਦੇ ਬਘਿਆੜ ਬਣ ਉੱਭਰੇ

ਤੇ ਮੈਂ ਉਹਨਾਂ ਲਈ

ਅੱਜ ਦੀ ਖੁਰਾਕ ਬਣ ਗਿਆ ਸਾਂ।

ਮੇਰਾ ਸਾਰਾ,ਹੱਡ -ਮਾਸ-ਪਿੰਜਰ

ਅੱਖ, ਲੱਤ, ਕੰਨ,

ਮਨ-ਬੁੱਧ-ਮੱਤ

ਇਥੋਂ ਤਕ ਕਿ ਮੇਰੀ ਸ਼ੁੱਧ ਆਤਮਾ

ਤੱਕ ਹੜੱਪ ਗਿਆ ਸੀ

ਤ੍ਰੈ ਮੂੰਹਾਂ ਖੂੰਖਾਰ ਬਘਿਆੜ

ਤੇ ਮੈਂ ਖੁਦ ਹੁਣ

ਉਸੇ ਦੇ ਰੂਪ ਵਿਚ ਵੱਟ ਗਿਆ ਸਾਂ

ਮੇਰੇ ਮੁਖਾਰ ਬਿੰਦ ਤੋਂ ਹੁਣ

ਕੁਲ ਲੁਕਾਈ ਲਈ

ਨਿਕਲਦੇ ਸਨ ਇਹੀ ਅਲਫ਼ਾਜ਼

ਇਹ ਮਾੜਾ,ਉਹ ਮਾੜਾ ਤੇ ਉਹ ਵੀ ਮਾੜਾ

ਫਲਾਣਿਆ ਦੀ ਧੀ,ਵਿੰਮਕਣਿਆ ਦਾ ਮੁੰਡਾ

ਅਮਕਿਆ ਦਾ ਕਬੀਲਾ ਤੇ ਚਮਕਿਆਂ ਦਾ ਗੁਰੂ

ਸਾਰਾ ਜੱਗ ਸਾਰੀ ਦੁਨੀਆਂ ਮਾੜੀ

ਸਾਰੀ ਦੁਨੀਆਂ ਗਰਕੀ ਹੋਈ, ਕਮੀਨੇ ਲੋਕ

ਸਾਰੇ ਦੇ ਸਾਰੇ

ਮੈਂ ਉਂਗਲ ਚੁੱਕ ਚੁੱਕ ਕੇ

ਹਰ ਇਕ ਨੂੰ ਇਹੀ ਫਤਵਾ ਦਿੰਦਾ

ਹਾਂ ਮੈਂ, ਇਹੀ ਫਤਵਾ ਦਿੰਦਾ

ਪਰ ਮੈਂ,ਹਾਂ,ਮੈਂ ਇਕੱਲਾ ਨਹੀਂ

ਜਿਹੜਾ ਵੀ ਆ ਗਿਆ

ਤ੍ਰੈ ਮੂੰਹੋਂ ਬਘਿਆੜ ਦੇ ਮੂੰਹ ਵਿਚ

ਉਸ ਦਾ ਇਹੀ ਕਿਰਦਾਰ ਹੋ ਗਿਆ

ਉਹ ਆਪ ਮਾੜਾ ਤੇ ਉਹਦੇ ਲਈ

ਸਾਰਾ ਜਹਾਨ ਮਾੜਾ ਹੋ ਗਿਆ।

 

ਪਰ ਕਦੇ ਕਦਾਈਂ

ਮੇਰੀ ਤੀਜੀ ਅੱਖ

ਗਿਆਨ ਚਕਸ਼ੂ !

ਮੇਰਾ ਸ਼ਿਵ ਨੇਤਰ ਖੁਲ੍ਹਦਾ

ਮੇਰੇ ਤੇ ਹੱਸਦਾ

ਦੁਹੱਥੜ ਮਾਰ ਮੈਂ ਰੋਂਦਾ

ਚੀਕਦਾ, ਕੁਰਲਾਉਂਦਾ, ਪੁਕਾਰਦਾ

ਹਾਲ ਪਾਹਰਿਆ ਮਚਾਉਂਦਾ

ਕਿ ਕੋਈ ਮੈਨੂੰ

ਤ੍ਰੈ ਮੂੰਹੇਂ ਅਗਨ ਕੁੰਢ ਵਿਚੋਂ

ਕੱਢੇ ਬਾਹਰ

ਪਰ ਕੋਈ ਮੇਰੀ ਮਦਦ ਲਈ

ਨਾ ਬਹੁੜਦਾ

ਸਰਬ ਦਿਸ਼ਾਵਾਂ ਵਿਚੋਂ

ਇਹੀ ਆਉਂਦੀ ਆਵਾਜ਼

“ਆਪੇ ਫਾਥੜੀਏ

ਤੈਨੂੰ ਕੌਣ ਛੁਡਾਏ "ਐ ਦੁਨੀਆਂ ਦੇ ਲੋਕੋ ਤੁਸੀਂ!

ਬਚ ਸਕੋ ਤਾਂ ਬਚੋ

ਤ੍ਰੈ ਮੂੰਹੇ ਬਘਿਆੜ ਦੀ ਪਕੜ ਤੋਂ !


123

Share News

Login first to enter comments.

Latest News

Number of Visitors - 134248