G2M ਜਲ਼ੰਧਰ 8 ਜੂਨ 24:
“ਭਗਵਾਨ”
ਭਗਵਾਨ ਪੰਜਾਹ ਹਜ਼ਾਰ
ਸਾਲ ਹੋ ਗਏ ਨੇ
ਹਰ ਪਲ,ਹਰ ਘੜੀ,ਹਰ ਲਮਹੇ,
ਨਿਸ ਦਿਨ
ਧਿਆਂਦੇ ਹਾਂ ਤੈਨੂੰ
ਤੇ ਤੂੰ ਨਾ ਜਾਣੇ
ਕਿਥੇ ਹੈਂ ਲਾਪਤਾ
ਗੁੰਮਸ਼ੁਦਾ ਗੁਆਚਿਆ ਹੋਇਆ।
ਨਾ ਜਾਣੇ ਕਿਹੜੀਆਂ
ਭੁਲ-ਭੁਲਈਆਂ ਵਿਚ ਹੈਂ ਗੁੰਮਸੁੰਮ
ਹਾਂ ! ਕਿਤੇ ਕਿਤੇ
ਵਰ੍ਹੇ ਛਿਮਾਹੀ
ਤੇਰਾ ਇਕ ਅੱਧਾ ਝਲਕਾਰਾ
ਪਲ ਭਰ ਲਈ
ਬਿਜਲੀ ਜਿਵੇਂ ਕੂੰਦਦੀ ਵਿਚ ਬੱਦਲਾਂ
ਛਿਣ ਭਰ ਲਈ
ਦੇਂਦਾ ਹੈ ਦਿਖਾਈ ਤੇਰਾ ਲਿਸ਼ਕਾਰਾ
ਤੇ ਫੇਰ ਹਜ਼ਾਰਾਂ ਸਾਲਾਂ ਲਈ ਨਾ ਜਾਣੇ
ਕਿਥੇ ਹੋ ਜਾਨਾਂ ਹੈਂ ਤੂੰ ਲਾਪਤਾ ।
ਤੇ ਪਿਛਲੇ ਪੰਜਾਹ ਹਜ਼ਾਰ ਸਾਲਾਂ ਤੋਂ
ਹਰ ਰੋਜ਼ ਮਾਰਦੇ ਹਾਂ ਅਸੀਂ ਸ਼ੈਤਾਨ ਨੂੰ
ਨੁਕੀਲੇ, ਤੇਜ਼ ਤਰਾਰ ਪੱਥਰਾਂ ਨਾਲ
ਨੈਂਸ - ਦਿਨ ਮਾਰਦੇ ਹਾਂ ਉਸਨੂੰ
ਪਰ ਸ਼ੈਤਾਨ ਹੈ
ਕਿ ਮਰਦਾ ਹੀ ਨਹੀਂ
ਇਕ ਪਲ ਲਈ ਵੀ ਕਦੇ
ਨਾ ਹੁੰਦੈ ਲਾਪਤਾ।
ਬਲਕਿ ਹਰ ਪਲ, ਹਰ ਘੜੀ, ਹਰ ਲਮਹੇ,
ਸਮੋਇਆ ਪਿਆ ਹੈ
ਸਾਡੇ ਧੁਰ ਅੰਦਰ
ਸਾਡੇ ਜ਼ਰੇ - ਜ਼ਰੇ,
ਸਾਡੇ ਰਗ - ਰੇਸ਼ੇ ਅੰਦਰ।
ਹਰ ਘਰ, ਹਰ ਗਲੀ, ਹਰ ਮੁਹੱਲੇ
ਹਰ ਗ੍ਰਾਮ, ਹਰ ਨਗਰ ਵਿਚ
ਕਰਦਾ ਹੈ ਅਲਫ਼ ਨੰਗਾ ਨਾਚ -
ਉਹ ਨਿਸ ਦਿਨ
ਬੰਦਿਆ ਨੂੰ ਬੰਦਿਆਂ ਹੱਥੋਂ
ਮਰਵਾਉਂਦਾ ਹੈ ਵਾਂਗ ਜਾਨਵਰਾਂ ਦੇ ।
ਕਦੀ ਮਜ੍ਹਬ, ਕਦੀ ਬੋਲੀ, ਕਦੀ ਪਹਿਰਾਵੇ,
ਕਦੀ ਰੱਬ ਕਦੀ ਰੱਬ ਘਰ,ਕਦੀ ਰੱਬ ਪੂਜਾ
ਦੀਆਂ ਵਿਭਿੰਨ ਵਿਧੀਆਂ ਨੂੰ
ਬਣਾ ਕੇ ਆਧਾਰ
ਤੇ ਕਦੀ ਸਿੱਧਾ ਤੇਰਾ ਨਾਮ ਲੈ ਕਿ
ਕਰਵਾਉਂਦਾ ਹੈ ਵੀਰਾਂ ਦਾ ਕਤਲ
ਵੀਰਾਂ ਦੇ ਹੱਥੋਂ।
ਪਿਛਲੇ ਪੰਜਾਹ ਹਜ਼ਾਰ ਸਾਲਾਂ ਤੋਂ
ਘਾਣ ਕਰ ਰਿਹਾ ਹੈ ਸ਼ੈਤਾਨ
ਮਨੁੱਖ ਜਾਤੀ ਦਾ ।
ਤੇ ਤੂੰ ਨਾ ਜਾਣੇ ਕਿੱਥੇ ਲਾਪਤਾ ਹੈਂ
ਪਿਛਲੇ ਪੰਜਾਹ ਹਜ਼ਾਰ ਸਾਲ ਤੋਂ।






Login first to enter comments.