Saturday, 31 Jan 2026

ਅਹਿਸਾਸ "ਲੜੀ-19

G2M 7 ਜੂਨ 24:-

 

“ਚਿੱਤਰਗੁਪਤ”

 

ਹੇ ਧਰਮਰਾਜ !

ਆਖਰ ਹਾਰ ਜਾਏਂਗਾ ਤੂੰ

ਬੇਸ਼ਕ ਜਿਨਾਂ ਮਰਜੀ

ਯਤਨ-ਪਰਯਤਨ

ਕਰ ਲੈ ਤੂੰ

ਪਰ ਆਖਰਕਾਰ

ਹਾਰ ਹੀ ਜਾਂਵੇਗਾ ਤੂੰ॥

 

ਤੂੰ ਲੈ ਚੱਲ

ਬੇਸ਼ਕ ਪਤਾਲਪੁਰੀ ਮੈਨੂੰ

ਪਰ ਤੇਰੇ ਚਿੱਤਰ ਗੁਪਤ ਨੂੰ ਦੇ ਕੇ

ਦੁਆਨੀ ਜਾਂ ਚੁਆਨੀ

ਵਰਗਲਾ ਲਵਾਂਗਾ ਮੈਂ

ਤੇ ਤੂੰ

ਸਾਰੇ ਦਾ ਸਾਰਾ

ਅਚੰਬਿਤ ਹੋ ਕੇ

ਦੇਖਦਾ ਰਹਿ ਜਾਏਂਗਾ॥

 

ਹਾਂ! ਮੈਂ ਤੇਰੇ ਚਿਤਰਗੁਪਤ ਨੂੰ

ਕੁਝ ਦੇ ਲੈ ਕੇ

ਤੇ ਕਾਣਾ ਕਰਕੇ

ਪਾਪ ਦੀ ਜੱਗ੍ਹਾ ਪੁੰਨ

ਝੂਠ ਦੀ ਜਗ੍ਹਾ ਸੱਚ

ਅਧਰਮ ਦੀ ਜਗ੍ਹਾ ਧਰਮ

ਲਿਖਾ ਲਵਾਂਗਾ

ਤੇ ਤੂੰ ਸਾਰੇ ਦਾ ਸਾਰਾ

ਦੇਖਦਾ ਰਹਿ ਜਾਏਂਗਾ॥

 

ਕਿਉਂਕਿ ਇਹੀ ਹੈ

ਮੇਰੇ ਸਮਾਜ ਦਾ ਰਿਵਾਜ

ਮੇਰੇ ਸਭਿਆਚਾਰ ਦਾ ਆਚਾਰ

ਮੇਰੇ ਚੌਗਿਰਦੇ ਵਸਦੇ

ਲੋਕਾਂ ਦਾ ਕਿਰਦਾਰ॥

ਤੇ ਮੈਂ

ਤੇਰੇ ਸਾਹਮਣੇਂ

ਪਤਾਲ-ਪੁਰੀ ਵਿਚੋਂ

ਉਭਰ ਆਂਵਾਂਗਾ

ਮਾਤ-ਲੋਕ ‘ਚੋਂ

ਹੁੰਦਾ ਹੋਇਆ

ਦੇਵ-ਲੋਕ ਵਿਚ ਪਹੁੰਚ ਕੇ

ਇੰਦਰ ਦੇ

ਸਿੰਘਾਸਨ ‘ਤੇ

ਹੋ ਜਾਂਵਾਂਗਾ ਬਿਰਾਜਮਾਨ।

ਮੈਂ ਇਸ ਰੀਤ

ਇਸ ਪਰੰਪਰਾ

ਇਸ ਨਿਯਮ-ਵਿਨਯਮ ਦਾ

ਪੱਕਾ ਵਾਕਫਕਾਰ ਹੋ ਗਿਆ ਹਾਂ!

 

ਮੇਰੇ ਸਮਾਜ, ਸਭਿਆਚਾਰ

ਤੇ ਚੌਗਿਰਦੇ ਨੇ

ਸਿਖਾ ਦਿੱਤਾ ਹੈ ਕਿ ਤੇਰੇ

ਚਿਤਰਗੁਪਤ ਨੂੰ

ਕਿਸ ਤਰ੍ਹਾਂ

ਖਰੀਦਿਆ ਜਾ ਸਕਦਾ ਹੈ।


51

Share News

Login first to enter comments.

Latest News

Number of Visitors - 134248