ਜਾਲੰਧਰ 3 ਜੂਨ 24:-
“ ਹਿੰਮਤ ਏ -ਮਰਦਾਂ”
ਮੈਂ ਬੜਾ ਹੈਰਾਨ ਸਾਂ
ਮੈਂ ਬੜਾ ਪਸ਼ੇਮਾਨ ਸਾਂ
ਖੌਫਨਾਕ ਹਨੇਰੇ ਸਨ
ਕੁਝ ਆਰ ਪਾਰ ਨਹੀਂ ਸੀ –
ਸੁਰ ਪਤਾ ਨਹੀਂ ਸੀ ਕੁਝ ਵੀ ਲਗ ਰਿਹਾ।
ਅਤਿ ਡੂੰਘੇਰੀ ਖੱਡ ਵਿਚ ਹਾਂ ਡਿੱਗਿਆ
ਜਾਂ ਵਾਂਗ ਤ੍ਰਿਸ਼ੰਕੂ ਦੇ
ਹਾਂ ਵਿਚ ਅਸਮਾਨੇ ਲਟਕਿਆ।
ਸਨਾਟਾ ਏਨਾਂ ਗਹਿਰਾ ਸੀ
ਆਸ ਦੀ
ਰੌਸ਼ਨੀ ਦੀ
ਜ਼ਿੰਦਗੀ ਦੀ
ਰਿੰਚਕ ਭਰ ਵੀ ਖ਼ਬਰ
ਦੇਂਦੀ ਨਹੀਂ ਸੀ ਦਿਖਾਈ।
ਨਾ ਦੇਂਦੀ ਸੀ ਸੁਣਾਈ।
ਲਗਦਾ ਸੀ :
ਧਰਤੀ ਦੀ ਨਹੀਂ ਹਾਲੇ ਹੋਈ ਸਿਰਜਣਾ
ਜੀਅ ਜੰਤ ਉਪਾਏ ਨਹੀਂ
ਅਜੇ ਰੱਬ ਨੇ,ਕੁਦਰਤ ਦੀ ਕੀਤੀ ਨਹੀਂ ਸੀ
ਸਾਜਣਾ,ਪੂਰੀ ਤਰ੍ਹਾਂ ਸਿਰਜਣਾ,
ਖ਼ੌਫਨਾਕ ਸੁਨਾਟੇ ਅਤੇ ਘੁੱਪ ਹਨੇਰਿਆਂ ਵਿਚ
ਹੱਥ ਜਦ ਹੱਥ ਨੂੰ ਟਕਰਾਉਂਦਾ ਸੀ
ਗੜਗੜਾਹਟ ਹੁੰਦੀ ਸੀ ਕੁਝ ਇਸ ਤਰ੍ਹਾਂ ਕਿ
ਅੰਬਰ ਦੀ ਹਿੱਕ ਤੇ-
ਬੱਦਲਾਂ ਤੇ ਜਿਵੇਂ ਬਿਜਲੀ ਪਈ ਹੈ ਵਰ੍ਹਦੀ
ਵਿਸ ਭਰੀਆਂ ਵਿਸੂਲੀਆਂ
ਖੌਫਨਾਕ ਹਵਾਵਾਂ ਸਨ
ਤੇ ਉਹਨਾਂ ਹਵਾਵਾਂ ਵਿਚ
ਮੇਰੇ ਸਵਾਸਾਂ ਦੀ ਕਿਰਿਆ
ਖ਼ੌਫ਼ਨਾਕ ਖੌਲਦੇ ਦਰਿਆਵਾਂ ਵਾਂਗ
ਖੌਰੂ ਪਾਉਂਦੀ ਸੀ।
ਸਵਾਸਾਂ ਦੀ ਕਿਰਿਆ ਨੂੰ ਰੋਕ ਕੇ
ਕੁਝ ਸਮਝਣ-
ਨਿਰਖਣ ਪਰਖਣ ਦਾ ਯਤਨ ਵਿਅਰਥ ਸੀ
ਕਿਉਂਕਿ ਆਸ ਦੀ,
ਜਿੰਦਗੀ ਦੀ,
ਰੋਸ਼ਨੀ ਦੀ,
ਇਕ ਵੀ ਕਿਰਨ ਦੇਂਦੀ ਨਹੀਂ ਸੀ ਦਿਖਾਈ
ਕਿ ਅਚਾਨਕ ਯਕਾਯਕ ਜਾਣੇ-ਅਨਜਾਣੇ
ਮੇਰਾ ਦਿਲ ਤੇ ਦਿਮਾਗ
ਆਪੋ ਵਿਚ ਮਿਲ ਗਏ
ਦੋਨਾਂ ਦੀ ਸੰਗਤ ਨੇ
ਕੀਤਾ ਕੁਝ ਐਸਾ ਕਮਾਲ ਕਿ:
ਮੇਰੇ ਹੱਥਾਂ ਵਿਚ
ਜੋਸ਼-ਓ-ਖਰੋਸ਼
ਭਰ ਦਿਤਾ ਸੀ
ਕੁਝ ਕਰ ਗੁਜਰਨ ਦੀ
ਭਰ ਦਿਤੀ ਸੀ ਤਮੰਨਾ।
ਮੈਂ ਆਪਣੇ ਹੱਥਾਂ ਦੇ ਨਾਲ
ਧਰਤੀ ਦੀ ਹਿੱਕ ਨੂੰ ਛੁਹਿਆ
ਮੇਰੇ ਹੱਥਾਂ ਵਿਚ ਕੇਵਲ
ਨੁਕੀਲੇ ਪੱਥਰ ਹੀ ਆਏ ਸਨ।
ਮੈਂ ਆਪਣੇ ਆਪ ਨੂੰ ਪੁੱਛਿਆ
ਮੈਂ ਹੁਣ ਇੰਨੇ ਨੁਕੀਲੇ
ਪੱਥਰਾਂ ਦਾ ਕੀ ਕਰਾਂ?
ਮੇਰੇ ਦਿਲ-ਓ-ਦਿਮਾਗ
ਦਿਤਾ ਸੀ ਜਵਾਬ
ਇਹ ਤਾਂ ਤਰਾਸ਼ਣ ਵਾਲੇ ਵਿਚ
ਹੁੰਦਾ ਹੈ ਕਮਾਲ
ਸਲੀਕੇ ਨਾਲ ਤਰਾਸ਼ੋ ਤਾਂ
ਪਥਰੋਂ ਉਤਪੰਨ ਹੁੰਦੈ ਹੈ ਭਗਵਾਨ।
ਮੈਂ ਪੂਰੇ
ਜੋਸ਼-ਓ-ਖਰੋਸ਼ ਨਾਲ
ਪੱਥਰ ਨੂੰ ਪੱਥਰ ਸੰਗ-
ਟਕਰਾ ਦਿਤਾ
ਰੌਸ਼ਨੀ ਦੀ ਇੱਕ ਅਚੰਬਿਤ
ਕਿਰਨ ਹੋਈ ਉਦੈ
ਉਸਨੇ ਅਰਬਦ ਨਰਬਦ ਧੁੰਦੂਕਾਰੇ ਦਾ
ਸੀਨਾ ਚਾਕ ਕਰ ਦਿੱਤਾ।
ਪੱਥਰ ਨੂੰ ਪੱਥਰ ਸੰਗ ਟਕਰਾਉਣ ਦਾ
ਮੈਂ ਤਿੰਨ ਵਾਰ
ਦੁਹਰਾਇਆ ਕਰਮ
ਆਸ ਦਾ, ਪ੍ਰਕਾਸ਼ ਦਾ, ਜ਼ਿੰਦਗੀ ਦਾ,
ਠਾਠਾਂ ਮਾਰਦਾ ਸਾਗਰ
ਪ੍ਰਗਟ ਹੋਇਆ
ਤੇ ਮੈਂ ਹੁਣ ਕੀ ਹਾਂ ਪਿਆ ਦੇਖਦਾਂ
ਕਿ ਥੋਹੜੀ ਦੂਰ ਪਰ੍ਹਾਂ
ਰੱਬ ਤਰਾਸ਼ਦਾ ਹੈ ਪਿਆ
ਨਾਨਾ ਪ੍ਰਕਾਰ ਦੇ
ਜੀਆ ਜੰਤ ਦੇ ਬੁੱਤ
ਮੇਰੇ ਕੋਲ ਖੁਦ ਚਲ ਕੇ
ਅਇਆ ਰੱਬ
ਤੇ ਲੱਗਾ ਮੈਨੂੰ ਕਹਿਣ
ਐ ਇਨਸਾਨ !
ਤੂੰ ਮੇਰਾ ਸ਼ਹਿਜਾਦਾ ਹੈਂ,
ਧਰਤੀ ਦੀ ਹਿੱਕ ‘ਤੇ
ਚੁਰਾਸੀ ਲੱਖ ਜੂਨਾਂ ਦਾ
ਹੀ ਸਿਰਤਾਜ
ਹੀ ਰਾਜਾ ਹੈਂ ।
ਹਾਂ ਪਰ ਹੋਏਗਾ ਇਹ ਕਮਾਲ
ਉਦੋਂ ਹੀ ਜਦੋਂ
ਦਿਲ - ਦਿਮਾਗ ਦੀ ਸੰਗਤ ਬਿਠਾ ਕੇ
ਹੱਥਾਂ ਨੂੰ ਸ਼ੁਭ ਕਰਮਨ
ਵਿਚ ਲਗਾਕੇ
ਚਾਹੇਂਗਾ ਜਦ ਤੂੰ ਕੁਝ ਸਿਰਜਣਾਂ
ਫਿਰ ਤਾਂ
ਆਸ ਦੇ, ਪ੍ਰਕਾਸ਼ ਦੇ, ਜ਼ਿੰਦਗੀ ਦੇ,
ਠਾਠਾਂ ਮਾਰਦੇ ਸਾਗਰ
ਹੋਣਗੇ ਉਤਪੰਨ
ਤੇ ਹਰ ਪਲ ਸੁਨੇਹਾ ਹੋਵੇਗਾ
ਅਗਲਿਆਂ ਪੜਾਵਾਂ ਦਾ
ਨਹੀਂ ਤਾਂ ਫਿਰ ਉਹੀ ਹੋਣਗੇ
ਖੌਫਨਾਕ ਸਨਾਟੇ, ਘੁੱਪ ਹਨੇਰੇ
ਡੂੰਘੀਆਂ ਖੱਡਾਂ
ਵਿਚ ਡਿੱਗਿਆ ਪਿਆਂ ਤੂੰ
ਜਾਂ ਅੱਧ ਅਸਮਾਨੇ
ਲਟਕਿਆ ਪਿਆ
ਵਾਂਗ ਤ੍ਰਿਸ਼ੰਕੂ ਦੇ






Login first to enter comments.