Saturday, 31 Jan 2026

"ਅਹਿਸਾਸ" ਲੜੀ- 13

 

ਜਾਲੰਧਰ G2M 31 ਮਈ 24

“ਪਹਿਲਾ ਕਦਮ”

 

ਡੂੰਘੀ ਹਨੇਰੀ ਦਲ-ਦਲ

ਇਮਤਿਹਾਨ ਹੈ ਤੇਰਾ

ਹਿੰਮਤ ਆਪਣੀ ਨੂੰ

ਆਸ ਦੇ ਪਰ ਤਾਂ ਲਗਾ

ਕਰ ਯਤਨ,ਇਕ ਹੰਭਲਾ ਮਾਰ

ਫਿਰ ਦੇਖ ਜਨਵਾ

ਸੱਤਵੇਂ ਆਸਮਾਨ ਤਕ ਰਸਤਾ

ਕਿਸ ਤਰ੍ਹਾਂ ਹੈ ਸਾਫ਼ ਪਿਆ

 

ਤੂੰ ਜਦ ਉਠਾਏਂਗਾ

ਪੂਰੇ ਜੋਸ਼-ਓ-ਖਰੋਸ਼ ਨਾਲ

ਅੱਗੇ ਵਲ ਪਹਿਲਾ ਕਦਮ

ਡੂੰਘੀ ਹਨੇਰੀ ਦਲ-ਦਲ

ਬਣ ਜਾਊ ਸੁਹਾਣੀਂ ਰਾਹ ਗੁਜ਼ਰ

ਗੁਲਾਬ, ਗੇਂਦੇ ਤੇ ਚਮੇਲੀ ਦੇ

ਫੁੱਲਾਂ ਤੇ ਖੁਸ਼ਬੋਆਂ ਨਾਲ ਭਰ ਜਾਊ ਚੌਗਿਰਦਾ ਤੇਰਾ।

 

ਹਾਂ! ਹਿੰਮਤ ਤਾਂ ਕਰ

ਪਹਿਲਾ ਕਦਮ ਤਾਂ ਉਠਾ

ਹਰ ਮੰਜਲ-ਏ-ਮਕਸੂਦ ਦਾ

ਤੂੰ ਬਣ ਜਾਏਂਗਾ ਸ਼ਾਹ - ਸਵਾਰ।

ਹਾਂ! ਪਹਿਲਾਂ ਇਕ ਕਦਮ ਤਾਂ ਉਠਾ

ਹਾਂ! ਕੁਝ ਜਲਵਾ ਤਾਂ ਦਿਖਾ

ਕੋਟਨ ਕੋਟ ਮੰਜ਼ਲਾਂ ਫਿਰ

ਢੁਕ ਢੁਕ ਬਹਿਣਗੀਆਂ ਨੇੜੇ ਤੇਰੇ

ਮੰਜ਼ਲਾਂ ਤੈਨੂੰ ਸਜਦਾ ਕਰਕੇ

ਤੇਰੇ ਹੱਥੋਂ ਆਪਣੇ ਮੱਥੇ ‘ਤੇ

ਫਤਿਹ ਦਾ ਤਿਲਕ

ਲਗਾਣਗੀਆਂ

ਉਹ ਧੰਨ ਧੰਨ ਹੋ ਜਾਣਗੀਆਂ

ਤੇਰੇ ਚਰਨਾਂ ਦੀ ਛੁਹ ਪਾ ਕੇ

ਐ ਮਨੁੱਖ !

ਤੂੰ ਜ਼ਰਾ ਆਪਣੇ ਆਪ ਨੂੰ

ਹਰਕਤ ਵਿਚ ਤਾਂ ਲਿਆ

ਤੁੰ ਹੱਥਾਂ ਆਪਣਿਆਂ ਵਿਚ

ਪਹਿਣ ਸ਼ਮਸ਼ੀਰ-ਏ ਦਸਤ

ਤੂੰ ਦਿਲ-ਓ-ਦਿਮਾਗ ਨੂੰ

ਦਲਦਲੀ ਵਿਚਾਰਾਂ ਤੋਂ

ਮੁਕਤ ਤਾਂ ਕਰ।

 

ਹਾਂ! ਹਾਂ। ਤੂੰ ਆਪਣੀ ਆਤਮਾ ਵਿਚੋਂ

ਸੰਗੀਤ ਦੀਆਂ ਸੱਤਾਂ ਸੁਰਾਂ ਦਾ

ਅਲਾਪ ਤਾਂ ਛੇੜ

ਤੇ ਫੇਰ ਦੇਖ

ਮੰਜ਼ਿਲਾਂ ਦਾ ਠਾਠਾਂ ਮਾਰਦਾ ਸਾਗਰ

ਤੇਰੇ ਚਰਨ ਪਰਸਣ

ਆਉਂਦੇ ਹਨ ਕਿਸ ਤਰ੍ਹਾਂ।

 

ਤੂੰ ਪਹਿਲਾਂ ਕਦਮ ਤਾਂ ਉਠਾ

ਕਿਸੇ ਸੱਚ ਹੈ ਕਿਹਾ :

“ਹਿੰਮਤ-ਏ-ਮਰਦਾਂ

“ਮਦਦ-ਏ-ਖੁਦਾ”

ਪਹਿਲਾਂ ਆਪਣਾ ਜਲਵਾ ਤਾਂ ਦਿਖਾ

ਫਿਰ ਕਾਦਰ ਦੀ ਕੁਦਰਤ ਦਾ

ਕਰਿਸ਼ਮਾ ਤਾਂ ਦੇਖ

ਦਲਦਲ ਵਿਚੋਂ ਪਹਿਲਾਂ ਕਦਮ

ਬਾਹਰ ਕੱਢ

ਫਿਰ ਦੇਖ ਕਿਸ ਤਰ੍ਹਾਂ

ਸੱਤਵੇਂ ਆਸਮਾਨ ਦੇ ਸਿੰਘਾਸਨ ‘ਤੇ

ਹੋਵੇਂਗਾ ਤੂੰ ਬਿਰਾਜਮਾਨ।

 

ਦੇਖੀਂ ਫਿਰ ਕਿਸ ਤਰ੍ਹਾਂ

ਸੁਰਭੀ ਆਪਣੇ ਰੱਥਾਂ ਤੇ

ਸੂਰਜ ਨੂੰ ਬਿਠਾ

ਤੇਰੇ ਦਰਬਾਰ ਲੈ ਆਏਗੀ।

ਤੇ ਕਰੇਗੀ ਐਲਾਨ

ਐ ਮਰਦ-ਏ-ਕਾਮਲ !

ਐ ਮਹਾਨ ਇਨਸਾਨ!

ਹਿੰਮਤੀ ਮਾਨਵ ਦੇ ਲਈ

ਖੁਦਾ ਵੱਲੋਂ

ਭੇਜਿਆ ਗਿਆ ਹੈ

ਮੇਰੀ ਹੱਥੀਂ ਨਜ਼ਰਾਨਾ

ਛੋਟਾ ਜਿਹਾ

ਹਜ਼ੂਰ ਹੈ

ਹੈ ਤੋਹਫਾ “ਸੂਰਜ” !

 

ਖੁਦਾ ਦੇ ਨਜ਼ਰਾਨੇ

ਸੂਰਜ ਨੂੰ ਪਰਵਾਨ ਕਰੋ

ਤੇ ਮੈਨੂੰ ਸੁਰਭੀ ਨੂੰ

ਰੁਖ਼ਸਤ ਦੀ

ਆਗਿਆ ਦਿਓ


62

Share News

Login first to enter comments.

Latest News

Number of Visitors - 134248