Friday, 30 Jan 2026

“ਅਹਿਸਾਸ” ਲੜੀ-7

G2M 23ਮਈ 24

        ਜ਼ਿੰਦਗੀ (II)

 

ਮੈਂ ਜ਼ਿੰਦਗੀ ਹਾਂ

ਹਰ ਪਲ, ਹਰ ਘੜੀ ਹਰ ਲਮਹੇ

ਜ਼ਿੰਦਾ ਦਿਲ ਲੋਕਾਂ ਨਾਲ ਹੁੰਦੀ ਹਾਂ ਰੂ-ਬ-ਰੂ।

 

ਅਜਲਾਂ ਤੋਂ ਅੱਜ ਤੀਕ

ਨਿਰੰਤਰ ਕਾਇਮ ਹੈ

ਨਾਤਾ ਮੇਰਾ, ਰਾਬਤਾ ਮੇਰਾ

ਮੈਨੂੰ ਪਿਆਰ ਕਰਨ ਵਾਲੇ

ਮੇਰੇ ਆਸ਼ਕਾਂ ਦੇ ਨਾਲ।

 

ਇਹ ਮੇਰੇ ਹੀ ਆਸ਼ਕ ਨੇ

ਸ਼ਮਾਂ ‘ਤੇ ਪਰਵਾਨਿਆ ਵਾਂਗ ਜੋ

ਜਲ ਕੇ ਹੋ ਜਾਂਦੇ ਨੇ ਸ਼ਹੀਦ।

 

ਕਦੀ ਪੀਂਦੇ ਨੇ

ਜ਼ਹਿਰ ਦਾ ਪਿਆਲਾ ਗਟ ਗਟ

ਕਦੀ ਸੀਸ ਤਲੀ ਤੇ ਧਰ

ਪਹੁੰਚ ਜਾਂਦੇ ਮਕਤਲ ਤੀਕ

ਕਦੀ ਸੂਲੀ ਤੇ ਚੜ੍ਹ

ਮੁਸਕਰਾਂਦੇ ਨੇ

ਚੜ੍ਹਦੇ ਚਰੱਖੜੀਆਂ ਕਦੇ

ਕਦੇ ਬੰਦ ਬੰਦ ਕਟਵਾਉਂਦੇ ਨੇ

ਲੁਹਾਂਦੇ ਨੇ ਪੁੱਠੀਆਂ ਖੋਪੜੀਆਂ ਕਦੇ

ਤੇ ਕਦੇ ਤੱਤੀ ਤਵੀ ‘ਤੇ ਹੋ ਜਾਂਦੇ ਨੇ ਬਿਰਾਜਮਾਨ

ਹਾਂ! ਹਾਂ! ਇਹ ਮੇਰੇ ਹੀ ਆਸ਼ਕ ਨੇ

ਜੋ ਹਾਕਮ ਦੀ ਮੰਨਦੇ ਨਹੀਂ ਟੈਂ ਕਦੇ

ਖ਼ਤ, ਜ਼ਫਰਨਾਮਾ ਲਿਖਕੇ ਉਹਨੂੰ ਲਲਕਾਰਦੇ ਨੇ

ਮੈਦਾਨੇ – ਜੰਗ ਲਈ ਉਹਨੂੰ ਵੰਗਾਰਦੇ ਨੇ।

 

ਇਹ ਮੇਰੇ ਹੀ ਆਸ਼ਕ ਨੇ

ਜੋ ਵਿਸ ਦਾ ਜ਼ਹਿਰੀਲਾ

ਸਵਾਦ ਦੱਸਣ ਲਈ

ਕਰਦੇ ਨੇ ਜੀਭ ਅਰਪਣ।

ਕਦੀ ਉੱਡਣ ਦੀ ਚਾਹ ਲੈ ਕਿ

ਕਰ ਦੇਂਦੇ ਨੇ ਬਦਨ ਭੇਟਾ

ਬੰਨ੍ਹ ਲੈਂਦੇ ਨੇ ਪੰਖ

ਆਪਣੇ ਮੋਢਿਆਂ ਉੱਪਰ

ਤੇ ਸਿਖਰਲੀ ਟੀਸੀ ‘ਤੇ ਜਾ ਕੇ

ਮਾਰ ਦੇਂਦੇ ਨੇ ਪਹਾੜ ਤੋਂ ਛਲਾਂਗ

ਡਿੱਗ ਕੇ ਹੋ ਜਾਂਦੇ ਨੇ

ਚੀਨਾ ਚੀਨਾ, ਜ਼ਰਾ ਜ਼ਰਾ, ਪਾਸ਼ ਪਾਸ਼|

 

ਮੈਂ ਜ਼ਿੰਦਗੀ

ਆਪਣੇ ਆਸ਼ਕਾਂ ਦੀ ਲਗਨ ‘ਤੇ

ਦੀ ਮੁਹੱਬਤ ਤੇ ਕੁਰਬਾਨੀ ‘ਤੇ

ਉਹਨਾਂ

ਹੋ ਜਾਂਦੀ ਹਾਂ

ਕੋਟਨ ਕੋਟ ਵਾਰ ਫਿਦਾ

ਤੇ ਫੇਰ ਸੀਨੇ ਨਾਲ ਲਾ

ਆਪਣੇ ਆਸ਼ਕਾਂ ਨੂੰ

ਕਰਦੀ ਹਾਂ ਮੁਹੱਬਤ

ਦਿਲ - ਓ - ਜਾਨ ਨਾਲ।

ਮੈਂ ਚੀਨਾ ਚੀਨਾ, ਪਾਸ਼ ਪਾਸ਼

ਜ਼ਰਾ ਜ਼ਰਾ ਕਰਦੀ ਹਾਂ ਇਕੱਠਾ

ਤੇ ਉਹਨਾਂ ਵਿਚ

ਇਕ ਨਵੀਂ ਰੂਹ

ਫੂਕ ਦੇਂਦੀ ਹਾਂ।

 

               ਮੈਂ ਉਹਨਾਂ ਦੀ ਹਿੰਮਤ-

              ਮਿਹਨਤ,ਲਗਨ,ਤੇ ਕੁਰਬਾਨੀ ‘ਤੇ

               ਹੋ ਜਾਂਦੀ ਹਾਂ ਕੁਰਬਾਨ।

               ਤੇ ਉਹਨਾਂ ਦੇ

                ਚਰਨ ਕਮਲਾਂ ਵਿਚ

                ਕਰਦੀ ਹਾਂ ਭੇਟਾ

               ਮੰਜ਼ਲਾਂ ਖੁਸ਼ੀਆਂ,ਬਹਾਰਾਂ ਦੇ ਢੇਰ।

                ਕਰ ਦੇਂਦੀ ਹਾਂ ਨਸ਼ਰ ਹਰ ਰਾਜ਼

                 ਚੰਨ, ਮੰਗਲ, ਬ੍ਰਹਿਸਪਤੀ

                 ਅਸਮਾਨ, ਸੂਰਜ

                  ਤਾਰਿਕਾ ਮੰਡਲ ਜਨਕ ਮੋਤੀ

                   ਸਾਰੇ ਦੇ ਸਾਰੇ

                  ਵਿਛਾ ਦੇਂਦੀ ਹਾਂ ਉਹਨਾਂ ਦੇ ਕਦਮਾਂ ‘ਚ

                   ਉਹਨਾਂ ਦੀ ਪਹੁੰਚ ਵਿਚ

                  ਤੇ ਕਰਦੀ ਹਾਂ ਨਜ਼ਰ ਸਾਰੇ ਰਾਜ਼।

                  ਹੋਰ,ਹੋਰ ਤੋ ਹੋਰ

                  ਅੱਗੇ ਵਧਣ ਦੀ ਉਹਨਾਂ ਵਿਚ

                 ਕਰਦੀ ਹਾਂ ਲੱਲ ਪੈਦਾ।

 

ਦੇਖਣਾ, ਹੁਣ ਉਹੀ ਹੋਣਗੇ

ਸੂਰਜ ਦੇ ਸ਼ਾਹ- ਸਵਾਰ

ਹਰ ਪਲ, ਹਰ ਘੜੀ, ਹਰ ਲਮਹੇ

ਉਹ ਲੈਣਗੇ ਸੂਰਜ ਤੋਂ ਕੰਮ

ਵਾਂਗ ਕਰਿੰਦਿਆ ਦੇ ।

ਇਹ ਹੀ ਮੇਰੇ ਆਸ਼ਕ ਨੇ..............


49

Share News

Login first to enter comments.

Latest News

Number of Visitors - 134120