G2M 22ਮਈ 24
“ਸ਼ਿਕਸਤ - ਵਿਜੈ”
ਮੇਰੀ ਸ਼ਿਕਸਤ, ਮੇਰੀ ਹਾਰ
ਵਿਰੋਧੀ ਰਾਜੇ
ਜਾਂ ਉਸਦੇ
ਹਾਥੀ, ਘੋੜੇ, ਫੀਲੇ, ਵਜ਼ੀਰ ਜਾਂ
ਉਸਦੇ ਪਿਆਦਿਆਂ ਦੇ ਹੱਥੋਂ ਨਹੀਂ ਹੋਈ।
ਮੈਂ ਆਪਣੀ ਸ਼ਰਮਨਾਕ ਹਾਰ
ਆਪਣੀ ਸ਼ਿਕਸਤ ਦਾ
ਖੁਦ ਹਾਂ ਜਿੰਮੇਵਾਰ
ਹਾਂ, ਹਾਂ, ਦੋਸਤੋ
ਮੈਂ ਆਪਣੇ ਹੱਥੋਂ
ਖੁਦ ਹਾਰਿਆਂ ਹਾਂ।
ਗੁਆਂਢੀ ਮੁਲਖ ਦੇ ਰਾਜੇ ਨਾਲ
ਐਲਾਨੇ - ਜੰਗ ਤੋਂ ਬਾਦ
ਜੰਗੀ ਵਸਤਰ ਪਹਿਣਦਿਆਂ
‘ਦੁਚਿਤੀ’ ਦੇ ਵਿਚ ਪੈ ਕੇ
ਜਦ ਮੈਂ ਪਹਿਲੀ ਵਾਰ
ਸੋਚਿਆ ਸੀ :
ਮੈਂ ਜਿੱਤ ਸਕਾਂਗਾ, ਕਿ ਨਹੀਂ
ਮੇਰੀ ਇਹ ਦੁਚਿਤੀ
ਤੇ ਨਾਂਹ ਭਰੀ ਸੋਚ
ਮੇਰੀ ਹਾਰ ਦੀ ਆਧਾਰਸ਼ਿਲਾ ਬਣੀ ਸੀ।
ਤੇ ਜੰਗੀ ਵਸਤਰ ਪਹਿਣਦਿਆਂ
ਜਦ ਮੈਂ ਸੋਚਿਆ ਸੀ
ਜੇ ਮੈਂ ਹਾਰ ਗਿਆ
ਤਾਂ ਕੀ ਹੋਇਆ
ਵਿਰੋਧੀ ਰਾਜੇ ਨਾਲ ਕਰ ਲਵਾਂਗਾ ਸਮਝੋਤਾ
ਇਸ ਪੜਾਅ ਤੇ ਆ ਕਿ
ਜੰਗ ਸ਼ੁਰੂ ਹੋਣ ਤੋਂ ਪਹਿਲਾਂ
ਮੈਂ ਅੱਧੀ ਬਾਜੀ ਹਾਰ ਗਿਆ ਸਾਂ।
ਤੇ ਫੇਰ
ਮੈਦਾਨੇ ਜੰਗ ਵਿਚ ਕੁਦਣ ਤੋਂ ਪਹਿਲਾਂ
ਉਧਰ ਜਦ ਨਗਾਰੇ ‘ਤੇ
ਐਲਾਨੇ ਜੰਗ ਦਾ ਡੱਗਾ ਵੱਜ ਰਿਹਾ ਸੀ
ਮੈਂ ਗੁਆਚ ਗਿਆ ਸਾਂ
ਥਿਤ - ਵਾਰ, ਰਹੁ – ਰੀਤਾਂ ਤੇ
ਸ਼ਗਣਾਂ - ਕੁਸ਼ਗਣਾਂ ਦੇ ਚੱਕਰਵਿਊ ‘ਚ।
ਐਨ ਉਸੇ ਸਮੇਂ
ਵਿਰੋਧੀ ਰਾਜੇ ਦੇ ਵਿਸ਼ੇਸ਼ ਅਹਿਲਕਾਰਾਂ
ਜਸੂਸਾਂ ਤੇ ਜਰਨੈਲਾਂ ਸੰਗ ਰਲ
ਮੇਰੀ ਜੰਗਾਲ ਖਾਦੀ ਭੁਰਭੁਰੀ ਹੋ ਚੁਕੀ
ਤਲਵਾਰ ਨੂੰ
ਧੂਹ ਲਿਆ ਸੀ ਮਿਆਨੋਂ
ਬੜੀ ਚੋਰੀਂ ਛਪੇ, ਬੜੇ ਸਲੀਕੇ ਨਾਲ।
ਫੇਰ ਜਦੋਂ ਮੈਦਾਨੇ ਜੰਗ ਵਿਚ
ਐਲਾਨੇ ਜੰਗ ਦਾ ਬਿਗਲ ਵੱਜਿਆ
ਤਾਂ ਮੈਂ ਤਲਵਾਰ ਧੂਹਣ ਲਈ ਹੱਥ ਵਧਾਇਆ
ਤਲਵਾਰ ਗ਼ੈਰ - ਹਾਜ਼ਰ ਸੀ
ਤੇ ਮੇਰੀ ਜ਼ਰਜ਼ਰੀ ਹੋ ਚੁਕੀ
ਮਿਆਨ ਦੀਆਂ ਪਿੱਚਰਾਂ
ਮੈਦਾਨੇ ਜੰਗ ਵਿਚ
ਥਾਂ - ਕੁਥਾਂ ਖਿੱਲਰ ਕੇ
ਮੇਰੇ ਤੇ ਹੱਸਣ ਲੱਗੀਆਂ
ਮੇਰੀ ਖਿੱਲੀ ਉਡਾਵਣ ਲੱਗੀਆਂ
ਮੈਂ ਤਨੋਂ - ਮਨੋਂ - ਬੁਧੋਂ - ਨਿਹੱਥਾ
ਨਿਕੰਮਾ ਤੇ ਹਾਰਿਆ ਬਾਦਸ਼ਾਹ
ਵਿਰੋਧੀ ਰਾਜੇ ਦੀਆਂ ਫੌਜਾਂ ਦੇ
ਚੱਕਰਵਿਊ ਵਿਚ ਘਿਰ ਗਿਆ ।
ਲੈ ਲਿਆ ਉਨ੍ਹਾਂ ਛਿਣ ਭਰ ਅੰਦਰ
ਮੈਨੂੰ ਆਪਣੀ ਗ੍ਰਿਫਤ ਵਿਚਕਾਰ।
ਤੇ ਅਗਲੇ ਹੀ ਪਲ
ਮੇਰੇ ਸਾਰੇ ਦੇ ਸਾਰੇ
ਹਾਥੀ, ਘੋੜੇ, ਫੀਲੇ, ਵਜ਼ੀਰਾਂ
ਜਰਨੈਲਾਂ ਅਤੇ ਪਿਆਦਿਆਂ ਨੇ
ਕਰ ਦਿੱਤਾ ਆਤਮ - ਸਮਰਪਣ
ਤੇ ਹੋ ਗਏ ਸਨ ਸ਼ਾਮਲ
ਵਿਰੋਧੀ ਧਿਰ ਦੇ ਰਾਜੇ ਨਾਲ
ਨਵੇਂ ਰਾਜੇ ਨੂੰ ਕਰ ਕੇ ਡੰਡਉਤ ਬੰਧਨਾ
ਉਨ੍ਹਾਂ ਆਪਣੀ ਸੇਵਾਵਾਂ ਸਨ
ਸਮਰਪਿਤ ਕੀਤੀਆਂ।
ਤੇ ਮੈਨੂੰ, ਹਾਂ ਮੈਨੂੰ
ਅੰਨ੍ਹੀ,ਬੋਲੀ,ਪੱਥਰ-ਸਿਲ ਨੁਮਾ ਜ਼ੇਲ
ਵਿਚ ਸੁੱਟ ਦਿੱਤਾ ਗਿਆ।
ਮੇਰੇ ਕਤਲ ਲਈ ਕਾਲ ਕੋਠੜੀ ‘ਚ
ਆ ਪਹੁੰਚੇ ਸਨ ਜਲਾਦ
ਦੀਵਾਰਾਂ ਦੇ ਪਰਲੇ ਪਾਰ
ਕਰ ਰਹੇ ਸਨ ਘੁਸਰ - ਮੁਸਰ, ਕਾਨਾ - ਫੂਸੀ
ਕਿ ਸ਼ਹਿਨਸ਼ਾਹ ਸਾਡੇ ਦਾ ਹੁਕਮ ਹੈ
ਅੱਜ ਤਕਾਲੀਂ ਕਰ ਦਿਓ
ਇਸ ਦਾ ਘਾਤ
ਹਾਰੇ - ਹੰਭੇ ਇਸ ਰਾਜੇ ਦੀਆਂ
ਰਕਤ - ਬੂੰਦਾਂ
ਗਿਰਨ ਨਾ ਦੇਣਾ
ਧਰਤ ਦੇ ਉੱਤੇ
ਜਰਖੇਜ਼ ਜਮੀਨ ਅਸਾਡੀ
ਹੋ ਜਾਏ ਨਾ ਕਿਤੇ ਬੰਜਰ
ਬਣ ਜਾਵੇ ਨਾ ਪੱਥਰ ਸਿਲ !
ਸੁਣ ਕਿ ਇਹ ਅਲਫ਼ਾਜ਼
ਖੁਲ੍ਹ ਗਏ ਸਨ ਮੇਰੇ ਕਪਾਟ
ਖੂਨ ਮੇਰੇ ਨੇ ਖਾਧਾ ਫਿਰ ਹੁਲਾਰਾ
ਹੱਥਾਂ ਨੂੰ ਫੌਲਾਦ ਬਣਾ
ਇਰਾਦੇ ਨੂੰ ਤਲਵਾਰ ਬਣਾ
ਤਨ - ਮਨ - ਬੁੱਧ ‘ਚ ਭਰ ਕੇ
ਹੋਸ਼ - ਜੋਸ਼ ਤੇ ਅਗਨ ਜਵਾਲਾ
ਫੇਰ ਮਾਰਿਆ ਮੈਂ ਲਲਕਾਰਾ
ਪਿੱਘਲ ਗਈਆਂ ਸਨ ਹੱਥਕੜੀਆਂ,
ਬੇੜੀਆਂ,ਦੀਵਾਰਾਂ ਜੇਲ੍ਹ ਦੀਆਂ
ਜਲਾਦ ਮਕਤਲ ਵਿਚੋਂ ਸਨ ਲਾਪਤਾ
ਤੇ ਵਿਰੋਧੀ ਰਾਜਾ ਗੁੰਮ ਸੀ
ਦੇਖ ਕੇ ਮੇਰੇ ਚਿਹਰੇ ਦਾ ਜਲੌ
ਦੋਹਾਂ ਹੀ ਫੌਜਾਂ ਨੇ
ਚਾਅ ਲਿਆ ਸੀ ਮੈਨੂੰ
ਆਪਣੇ ਮੋਢਿਆਂ ਤੇ
ਤੇ ਰਾਜ ਗੁਰੂ ਉਸ ਰਾਜੇ ਦਾ
ਕੌਲ਼ੀ ਵਿਚ ਕਸਤੂਰੀ ਘੋਲੀ
ਆਣ ਖੜ੍ਹਾ ਸੀ ਮੇਰੇ ਦੁਆਰ
ਤੇ ਰਾਜ ਤਿਲਕ ਮੈਨੂੰ ਲਾਉਣ ਲਈ
ਹੋ ਰਿਹਾ ਸੀ ਤਰਲੋਮੱਛੀ ਵਾਰੋ ਵਾਰ
ਸ਼ਿਕਸਤ ਸਦਾ ਉਸਦੀ
ਜੋ ਬਿਖੜੇ
ਪੈਂਡਿਆਂ ਤੋਂ ਡਰ ਗਿਆ।
ਲੜਨ ਤੋਂ ਪਹਿਲਾਂ ਹੀ
ਜੋ ਵਿਚ ਦੁਚਿਤੀ ਪੈ ਗਿਆ
ਸਮਝੋ ਉਹ ਮਰ ਗਿਆ।
ਫਤਿਹ ਹਮੇਸ਼ਾਂ ਉਸਦੀ ਹੈ
ਜੋ ਫਤਿਹ ਲਈ
ਸੀਸ ਤਲੀ ਤੇ ਧਰ ਕੇ
ਵਿਚ ਮੈਦਾਨੇ ਖੜ੍ਹ ਗਿਆ।






Login first to enter comments.