Friday, 30 Jan 2026

“ਰੁਹ-ਕਲਬੂਤ”“ ਅਹਿਸਾਸ” ਲੜੀ- 4

ਜਲੰਧਰ G2M 20 ਮਈ 24

ਅਹਿਸਾਸ” ਲੜੀ- 4

 

“ਰੂਹ - ਕਲਬੂਤ”

 

ਹੁਣ ਮੈਨੂੰ ਮੈਂ ਮਿਲਦਾ

ਕਦੀ ਕਦੀ

ਤੇ ਕਦੀ ਕਦਾਈਂ ਤਾਂ ਵਿਛੜਿਆਂ

ਯੁਗੜੇ ਬੀਤ ਜਾਂਦੇ ਹਨ।

ਤੇ ਦੋਨੋਂ ਉਲਟ ਦਿਸ਼ਾਵਾਂ ਵੱਲ

ਕਰ ਰਹੇ ਹਾਂ ਸਫ਼ਰ।

 

ਰੂਹ ਮੇਰੀ ਤਾਂ

ਦੂਰ – ਦੁਰਾਡੇ

ਜੰਗਲ - ਬੇਲੋ

ਰੋਹੀਆਂ – ਬੀਆ – ਬਾਣ ਵਿਚ

ਘੁੰਮ ਰਹੀ ਹੈ

ਕਈ ਯੁੱਗਾਂ ਤੋਂ

 

ਤੇ ਰੂਹ ਵਿਹੂਣਾ

ਮੇਰਾ ਬਦਨ

ਲਾਸ਼ ਦਾ ਸਰੂਪ ਧਾਰ

ਲਾਲਚੀ ਅੰਨ੍ਹੇ ਕੁੱਤੇ ਦੀ ਤਰ੍ਹਾਂ

ਸ਼ਹਿਰਾਂ ਦੀਆਂ

ਗਲੀਆਂ ਤੇ ਬਾਜ਼ਾਰਾਂ ਵਿਚ

ਠੀਕਰੀਆਂ ਦੇ ਮਗਰ

ਨਿਰੰਤਰ ਦੌੜ ਰਿਹਾ ਹੈ

ਮਗਰਲੇ ਕਈ ਯੁਗਾਂ ਤੋਂ।

 

ਰੂਹ ਮੇਰੀ

ਕੰਦਰਾਂ ਨਾਲ ਟਕਰਾਉਂਦੀ

ਪਹਾੜ ਦੀ ਟੀਸੀ ਤੇ ਚੜਦੀ

ਫੇਰ

ਗੁਫਾ ਵਿਚ ਗਿਰ ਜਾਂਦੀ

ਬਦਨ ਦੀ ਗੈਰ-ਹਾਜ਼ਰੀ ਵਿਚ

ਉਹਦੇ ਕੁਝ ਹੱਥ-ਪੱਲੇ ਨਾ ਪੈਂਦਾ।

 

ਤੇ ਰੂਹ ਵਿਹੂਣਾ

ਲਾਸ਼ ਜਿਹਾ ਮੇਰਾ ਬਦਨ

ਹਰ ਕਦਮ ਅਤੇ ਹਰ ਮੰਜ਼ਲ ਨੂੰ ਸੁੰਘਦਾ

ਉਹਦੇ ਉੱਤੇ ਮੱਲ ਮਾਰਦਾ

ਤੇ ਅਗਲੀ ਮੰਜ਼ਲ ਦੀ ਲੱਲ ਲੈ

ਦੌੜਦਾ ਅੰਨ੍ਹੇ ਕੁੱਤੇ ਦੀ ਤਰ੍ਹਾਂ

ਉਸ ਦੇ ਮਗਰ - ਮਗਰ।

ਲਾਸ਼ ਨੁਮਾ ਮੇਰੇ ਬਦਨ

ਕੁੱਤਾ-ਝਾਕ

ਨਾ ਜਾਣੇ ਕਿਸ ਦਿਨ

ਹੋਵੇਗੀ ਖਤਮ

ਹੋਰ ਤੇ ਹੋਰ ਦੀ ਲਾਲਸਾ ਦਾ

ਪੈਂਡਾ ਨਾ ਜਾਣੇ

ਕਿਸ ਦਿਨ ਹੋਵੇਗਾ ਤਹਿ

 

ਤੇ ਰੂਹ ਮੇਰੀ

ਜੰਗਲ - ਬੇਲਿਆਂ

ਕੰਦਰਾਂ,ਪਹਾੜਾਂ ਗੁਫਾਵਾਂ ਵਿਚ

ਸਾਹੋ ਸਾਹੀ ਭੱਜ ਰਹੀ

ਆਵਾ ਗੌਣ ਦੀ ਚੱਕੀ ਪੀਂਹਦੀ

ਚੱਕਰਵਿਊ ਵਿਚ ਧੱਸ ਰਹੀ ਹੈ !

 

ਮੇਰੀ ਰੂਹ ਤੇ ਕਲਬੂਤ ਵਿਚ

ਹੁਣ ਕੋਈ ਸਮਤੋਲ ਨਹੀਂ

ਸਾਜ ਨਹੀਂ, ਸਰਗਮ ਨਹੀਂ, ਆਵਾਜ਼ ਨਹੀਂ,

ਹੋ ਗਏ ਨੇ

ਦੋਨੋਂ,ਗੂੰਗੇ,ਬੋਲੇ,ਅਨਜਾਣ

ਦੋਨਾਂ ਨੂੰ ਵਿਛੜਿਆਂ

ਯੁਗੜੇ ਬੀਤ ਗਏ ਨੇ।

 

ਦੋਨੋਂ ਦੌੜ ਰਹੇ ਨੇ ਹੁਣ

ਉਲਟ ਦਿਸ਼ਾਵਾਂ ਵਲ

ਹਾਂ ਕਦੀ ਕਦਾਈਂ

ਯੁੱਗਾਂ ਤੋਂ ਬਾਅਦ

ਆਪਣੀ ਆਪਣੀ ਦੌੜ-

ਵਿਚ ਗੁਆਚੇ

ਪੂਰਬ ਦੀ ਦਹਿਲੀਜ਼

ਜਾਂ ਦੱਖਣੀ ਦਰਵਾਜ਼ੇ ਉੱਤੇ

ਇਕ ਪਲ,ਇਕ ਲਮਹੇ ਲਈ

ਇਕੱਠੇ ਹੁੰਦੇ

ਤੇ ਉਸ ਪਲ

ਇਕੋ ਇਕ ਲਮਹੇ ਦੇ ਲਈ

ਇਕ ਦੂਜੇ ਦੀਆਂ

ਅੱਖਾਂ ਵਿਚ ਅੱਖਾਂ ਪਾਉਂਦੇ

ਬਿਰਹਾ ਦਾ ਸੰਤਾਪ ਸੁਣਾਉਂਦੇ

ਰੱਤ ਦੇ ਹੰਝੂ ਰੋਂਦੇ

ਪਰ ਗਲੇ ਮਿਲਣ

ਜਾਂ ਕੁਝ ਕਹਿਣ ਤੋਂ ਪਹਿਲਾਂ ਹੀ

ਦੋਨਾਂ ਦੇ ਗੱਚ ਭਰ ਆਉਂਦੇ।

ਮਿਲਣ ਦੀ ਏਸ ਘੜੀ ਵਿਚ

ਇਲਹਾਮ ਦੇ ਇਸ ਲਮਹੇ ਵਿਚ

 

ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ

ਇੱਕੋ ਨੱਕੇ ਤੇ ਖੜ ਜਾਂਦੇ।

ਰੂਹ, ਕਲਬੂਤ ਤੇ ਕਲਬੂਤ, ਰੂਹ ਨੂੰ

ਵਿਚ ਕਲਾਵੇ ਲੈਣ ਜਦ ਲਗਦੇ

ਜੋਤੀ - ਜੋਤ ਮਿਲਣ ਜਦ ਲੱਗਦੀ

ਦੋ ਕਤਰੇ ਮਿਲ ਸਮੁੰਦ ਹੋਣ ਜਦ ਲਗਦੇ

 

ਐਨ ਉਸੇ ਵੇਲੇ ਪਿਛੋਂ ਦੀ

ਜਾ ਨਾ ਜਾਣੇ ਕਿਥੋਂ ਦੀ

ਅਚਾਨਕ, ਯਕਾਯਕ ਜਾਣੇ - ਅਣਜਾਣੇ

ਇਕ ਧੱਕਾ ਜਿਹਾ ਵੱਜਦਾ।

ਦੋਨੋ ਫੇਰ ਵਿਛੜ ਜਾਂਦੇ

ਫਫਕ ਫਫਕ ਰੋਂਦੇ

ਕੁਰਲਾਉਂਦੇ, ਬਿਰਲਾਂਦੇ

ਆਪਣੇ ਆਪਣੇ ਰਾਹਾਂ ਤੇ ਤੁਰ ਜਾਂਦੇ

ਤੇ ਹੁਣ ਤਾਂ

ਦੋਹਾਂ ਨੂੰ ਵਿਛੜਿਆਂ

ਕਈ ਯੁੱਗ ਨੇ ਬੀਤ ਗਏ ।


79

Share News

Login first to enter comments.

Latest News

Number of Visitors - 134120