ਜਲੰਧਰ G2M 19 ਮਈ 24:-
—- ਬੇਕਾਰ —-
ਕਿੰਨਾਂ ਪੜ ਲਿਖ ਕੇ ਵੀ
ਮੈਂ ਰਿਹਾ ਬੇਕਾਰ
ਪੇਟ ਦੀ ਅੱਗ ਬੁਝਾਉਣ ਲਈ
ਹੋ ਰਿਹਾ ਸਾਂ ਤਰਲੋ ਮੱਛੀ
ਕਾਸ਼ ਕੇ ਮਿਲ ਜਾਂਦਾ
ਛੋਟਾ ਮੋਟਾ ਕੋਈ ਕਾਰ
ਪਰ ਮੈਂ ਰਿਹਾ ਬੇਕਾਰ।
ਆਖਰ ਡੰਗ ਟਪਾਉਣ ਲਈ
ਪਹਿਣ ਲਿਆ ਮੈਂ ਲੰਮਾ ਚੋਲਾ
ਬਗਲ ਵਿਚ ਛੁਰੀ ਛੁਪਾ ਕੇ
ਖਲੋ ਗਿਆ ਮੈਂ
ਚੌਂਕ ਦੇ ਉਸ ਪਾਰ।
ਵਰਦੀਧਾਰੀ ਇਕ ਜਵਾਨ
ਆ ਦਬੋਚਿਆ
ਉਸੇ ਹੀ ਪਲ ਯਾਰ
ਮੁਨਸ਼ੀ ਨੂੰ ਬੁਲਾ ਕੇ
ਮੇਰੀ ਫੋਟੋ ਲੁਹਾ ਕੇ
ਥਾਣੇ ਦੇ ਤਖ਼ਤੇ ‘ਤੇ
ਚਿਪਕਾ ਕੇ
ਬਣਾ ਦਿੱਤਾ ਮੈਨੂੰ
ਦਸ ਨੰਬਰੀਆ
ਨਾਮੀ ਬਦਮਾਸ਼
ਮੈਂ ਸਾਂ ਹੁਣ
ਚੋਰਾਂ ਦਾ ਸ਼ਾਹ - ਸਵਾਰ!
ਐਨ ਉਸੇ ਵੇਲੇ
ਰਾਜਨੀਤੀ ਦਾ
ਭਖਿਆ ਪਿਆ ਸੀ ਬਾਜ਼ਾਰ
ਅਸੀਂ ਵੀ ਮਾਰ ਦਿੱਤੀ ਵਿਚ ਛਾਲ
ਸਾਨੂੰ ਮਿਲ ਗਈ
ਝੰਡੀ ਵਾਲੀ ਕਾਰ ।
ਤੇ ਫੇਰ ਮੁੜ ਪਿਛਾਂਹ
ਨਾ ਤੱਕਿਆ ਅਸਾਂ
ਕਿਉਂਕਿ ਮੇਰੇ ਹੱਥਾਂ ਵਿਚ
ਆ ਗਿਆ ਸੀ
ਅਹਿਸਾਸ
ਨਿੱਯੁਕਤੀਆਂ ਦਾ ਅਧਿਕਾਰ
ਤੇ ਮੈਂ ਲੁੱਟ ਲੁੱਟ
ਤਬਾਹੇ ਮਚਾ ਸੁੱਟੇ
ਮੈਂ ਤਾਂ ਦਿਨਾਂ ਅੰਦਰ
ਕਰ ਗਿਆ ਸਾਂ
ਇਕਾਈ,ਦਹਾਈ,ਸੈਂਕੜਾ,ਹਜ਼ਾਰ
ਲੱਖ,ਕਰੋੜ,ਅਰਬ ਰੁਪਏ ਦੀ
ਸੀਮਾਂ ਪਾਰ।
ਤੇ ਝੰਡੀ ਵਾਲੀ ਕਾਰ ‘ਤੇ ਚੜ
ਮਾਇਆ ਦੇ ਬਾਜ਼ਾਰ ਵਿਚ
ਸਰਪਟ ਦੌੜ ਰਿਹਾ ਸਾਂ ਮੈਂ
ਅੰਨ੍ਹੇ ਘੋੜਿਆਂ ਦੀ ਤਰ੍ਹਾਂ
ਕਿ ਅਚਾਨਕ
ਯਕਾ - ਯਕ, ਜਾਣੇ - ਅਣਜਾਣੇ
ਕੂਹਣੀ ਮੋੜ ਦੇ ਉੱਤੇ ਆ ਕਿ
ਕਾਰ ਗਈ ਮੇਰੀ ਪਲਟੀ ਮਾਰ
ਬੇਹੋਸ਼ੀ ਦੇ ਆਲਮ ਵਿਚ
ਪਹੁੰਚ ਗਿਆ ਹਸਪਤਾਲ
ਅੱਖ ਖੁਲ੍ਹੀ ਤਾਂ
ਬਦਲ ਚੁੱਕੀ ਸੀ ਸਰਕਾਰ !
ਮੁਨਸ਼ੀ ਤੋਂ ਜਿਸਨੂੰ
ਮੈਂ ਬਣਾਇਆ ਸੀ ਥਾਣੇਦਾਰ
ਲੀੜੇ ਦਿੱਤੇ ਉਸਨੇ ਮੇਰੇ ਸਾਰੇ ਉਤਾਰ
ਨੰਗੇ ਨੂੰ ਪੁੱਠਾ ਕਰਕੇ
ਟੰਗ ਦਿੱਤਾ ਉਸ
ਥਾਣੇ ਦੇ ਵਿਚਕਾਰ।
ਮਾਰ ਮਾਰ ਕਰ ਦਿੱਤਾ
ਮੇਰਾ ਬੁਰਾ ਹਾਲ।
ਪੋਤੜੇ ਫਰੋਲੇ ਗਏ
ਮੇਰੇ ਕਰਮਾਂ ਕੁਕਰਮਾਂ ਦੇ
ਕਰੋੜਾਂ ਅਰਬਾਂ ਦੀ ਲੱਭੀ ਗਈ
ਨਾਮੀ - ਬੇਨਾਮੀ
ਕਰੰਸੀ - ਜ਼ਮੀਨ - ਜਾਇਦਾਦ।
ਰਿਹਾ ਨਾ ਕੋਈ ਵੀ
ਸੰਗੀ ਮੇਰਾ,ਸਾਥੀ ਮੇਰਾ
ਔਕੜ ਦੇ ਵਿਚਕਾਰ
ਅਹਿਸਾਸ
ਸਾਰੇ ਛੱਡ ਗਏ ਸਾਥ
ਮਾਈ,ਬਾਪ, ਭੈਣ - ਭਾਈ
ਨੂੰਹ - ਪੁੱਤ, ਧੀ - ਜਵਾਈ
ਸਾਰੇ ਹੀ ਗਏ ਪੱਤਰਾ ਵਾਚ।
ਪਰ ਰਈਅਤ ਅੰਨੀ ਗਿਆਨ ਵਿਹੂਣੀ
ਭੁੱਲ ਜਾਏਗੀ ਚੰਦ ਦਿਨਾਂ ਦੇ ਬਾਦ
ਰਾਜਨੀਤੀ ਦਾ ਫੇਰ ਭਖ਼ੇਗਾ ਬਾਜ਼ਾਰ
ਯਾਰ ਹੁਰੀ ਫੇਰ ਮਾਰਨਗੇ ਛਾਲ
ਮਿਲੇਗੀ ਫੇਰ ਝੰਡੀ ਵਾਲੀ ਕਾਰ
ਮੁਨਸ਼ੀ ਤੇ ਥਾਣੇਦਾਰ ਨੂੰ
ਫੇਰ ਸਬਕ ਸਿਖਾਵਾਂਗਾ
ਮੌਜੂਦਾ ਮੰਤਰੀਆਂ ਦੇ
ਗੋਡੇ ਛਿਲ ਕੇ ਦਿਖਾਵਾਂਗਾ !
ਲੋਕਾਈ ਨਾਲ ਤਾਂ ਹਮੇਸ਼ਾਂ
ਇਸੇ ਤਰਾਂ ਹੀ ਹੁੰਦਾ ਹੈ
ਮੌਜੂਦਾ ਲੁੱਟਦੀ ਹੈ ਸਰਕਾਰ
ਤੇ ਭਾਂਡਾ
ਬੀਤ ਚੁੱਕੀ ਹਕੂਮਤ ਉੱਤੇ
ਭੰਨਦੀ ਹੈ ।
ਕਿ ਖਾਲੀ ਕਰ ਗਈ ਖ਼ਜ਼ਾਨਾ
ਜਾਂਦੀ ਵਾਰ
ਪਿਛਲੀ ਸਰਕਾਰ।
ਖੈਰ ਹਾਲ ਦੀ ਘੜੀ
ਮੈਂ ਹੋ ਗਿਆ
ਮੁੜ ਬੇਕਾਰ, ਬੇਰੁਜ਼ਗਾਰ ।






Login first to enter comments.