G2M ਜਲੰਧਰ 18ਮਈ 24
—— ਆਦਮ-ਹਵਾ-ਦਾ ਜਾਇਆ —-
ਜਦ ਹੁੰਦਾ ਹੈਂ
ਹੈਰਾਨ-ਪਸ਼ੇਮਾਨ
ਗਲ ਵਿਚ ਪਾ ਕੇ ਫਾਹਾ
ਆਪਣੇ ਆਪ ਨੂੰ ਲੈਨਾਂ ਹੈਂ
ਜੰਡ ਨਾਲ ਲਟਕਾ।
ਤੇ ਫੇਰ
ਹਜ਼ਾਰਾਂ ਲੱਖਾਂ ਸਾਲ
ਜੰਡ ਨਾਲ ਰਹਿੰਦੀ ਹੈ ਲਟਕਦੀ
ਤੇਰੀ ਲਾਸ਼
ਸਮੇਂ ਦੀ ਧੂੜ ਵਿਚ ਆਖਰਕਾਰ
ਦਫ਼ਨ ਹੋ ਜਾਂਦਾ ਹੈ
ਬਦਨ ਤੇਰਾ,
ਤੇਰਾ ਵਜੂਦ
ਪਰ ਮੈਂ,ਹਾਂ! ਹਾਂ! ਮੈਂ,
ਰੱਬ !
ਤੇਰੀ ਲਟਕਦੀ ਲਾਸ਼ ਵਿਚ
ਇਕ ਨਵੀਂ ਰੂਹ ਫੂਕ ਰਿਹਾ ਹਾਂ
ਭਰ ਰਿਹਾ ਹਾਂ
ਤੇਰੇ ਰਗ-ਰੇਸ਼ੇ, ਤੇਰੇ ਜ਼ਰੇ ਜ਼ਰੇ ਨੂੰ
ਜ਼ਰਖੇਜ਼ ਜ਼ਿੰਦਗੀ ਦੇ ਨਾਲ।
ਕਿਉਂਕਿ ਤੂੰ ! ਹਾਂ! ਹਾਂ! ਤੂੰ ਐ ਇਨਸਾਨ!
ਜਦ ਬੜੇ ਫ਼ਖ਼ਰ,
ਬੜੇ-ਮਾਨ ਅਤੇ ਸਵੈ ਮਾਨ ਨਾਲ
ਧਰਤੀ ਦੀ ਹਿੱਕ ਤੇ ਤੁਰਦਾ ਹੈਂ
ਠੋਸ ਕਦਮਾਂ ਦੇ ਨਾਲ।
ਤਾਂ ਤੇਰੇ
ਪੈਰਾਂ ਦੀ ਧਮਕ ਪੈਂਦੀ ਹੈ
ਚੰਦ ਤਾਰਿਆਂ ਦੇ ਆਰ - ਪਾਰ
ਤੇ ਮੰਗਲ ਗ੍ਰਹਿ ਦੀ
ਮਿੱਟੀ ਦੇ ਰਗ, ਰੇਸ਼ੇ ਅੰਦਰ
ਛਿੜ ਪੈਂਦੀ ਹੈ ਇਕ ਚਰਚਾ
ਇਕ ਜੁਸਤਜੂ
ਇਕ ਅਮਰ ਕਹਾਣੀ
ਕਿ ਕੋਈ ਹੈ
ਕੋਈ ਹੈ,ਕੋਈ ਹੈ
ਜੋ ਇਕ ਦਿਨ
ਮੇਰੀ ਹਿੱਕ ਤੇ ਹੋਏਗਾ ਸ਼ਾਹ-ਸਵਾਰ
ਤੇ ਉਹਦੀ ਚਰਨ ਛੂਹ ਨਾਲ
ਟੁੱਟੇਗਾ ਜੁੜ ਮੇਰਾ
ਮੋਈ ਹੋਈ ਮਿੱਟੀ ਵਿਚ
ਲਹਿਰਾਏਗੀ ਬਿਜਲੀ
ਤੇ ਫੇਰ ਚਕਾ ਚੌਂਧ ਛਾ ਜਾਏਗੀ।
ਹਾਂ! ਹਾਂ! ਚੰਦ - ਤਾਰਿਆਂ ਦਾ ਤਾਂ
ਬਣ ਚੁੱਕਾ ਹੈ ਹਮਸਫ਼ਰ ਇਨਸਾਨ
ਇਕ ਦਿਨ ਜ਼ਰੂਰ
ਮੰਗਲ ਤੇ ਵੀ ਆਏਗਾ।
ਇਥੋਂ ਦੀ ਮਿੱਟੀ ਨੂੰ
ਪਾਏਗਾ ਪੁਰਖੁ ਨਲੀ ਦੇ ਅੰਦਰ
ਤੇ ਜ਼ਿੰਦਗੀ ਦੇ ਲੱਭੇਗਾ ਜ਼ਰਰੇ
ਜੀਵਨ ਦੇ ਟੁਕੜੇ ਕਰੇਗਾ ਤਲਾਸ਼ ਇਥੋਂ
ਤੇ ਆਖਰਕਾਰ
ਮੰਗਲ ਦੇ ਜੰਗਲ ਵਿਚ
ਸਹੀ ਮਹਿਣਿਆਂ ਵਿਚ
ਮੰਗਲ ਮਈ ਬਹਾਰ ਲੈ ਆਏਗਾ।
ਉਹ ਕਰੇਗਾ ਇਥੇ ਆਬਾਦ ਕਲੋਨੀਆਂ
ਹਾਂ ! ਹਾਂ ! ਆਦਮ ਹਵਾ ਦਾ ਜਾਇਆ
ਤਲਾਵਾਂ ਨੂੰ ਕੱਸ ਕੇ
ਮੇਰੀ ਹਿੱਕ ਤੇ
ਇਕ ਦਿਨ
ਜ਼ਰੂਰ ਪਤੰਗ ਉਡਾਏਗਾ।
ਸਿਰਜੇਗਾ ਫੁੱਲਾਂ ਦੀਆਂ ਕਿਆਰੀਆਂ
ਨਹਿਰਾਂ,ਰੇਲਾਂ,ਸੜਕਾਂ ਤੇ ਤਾਪਘਰਾਂ ਦਾ ਜਾਲ ਵਿਛਾਏਗਾ।
ਉਹ ਕਰੇਗਾ
ਮੇਰੀ ਹਿੱਕ ‘ਤੇ
ਅਤਿ - ਆਧੁਨਿਕ ਸਪੇਸ ਸਟੇਸ਼ਨ ਤਿਆਰ
ਤੇ ਫੇਰ ਮੇਰੇ ਤੋਂ ਧਰਤ ਵੱਲ
ਧਰਤ ਤੋਂ ਮੇਰੇ ਵੱਲ
ਨਿਤ ਆਉਣਗੇ ਸ਼ਾਹ-ਸਵਾਰ
ਕਵੀ,ਦਰਵੇਸ਼,ਖੋਜੀ,ਵਿਗਿਆਨੀ
ਪੁਲਾੜੀ ਇਨਸਾਨ !
ਹਾਂ! ਹਾਂ! ਇਨਸਾਨ
ਇਕ ਨਾ ਇਕ ਦਿਨ
ਮੇਰੇ ਰਗ-ਰੇਸ਼, ਮੇਰੇ ਜ਼ਰੇ-ਜ਼ਰੇ ਅੰਦਰ
ਜਰਖੇਜ਼ ਜ਼ਿੰਦਗੀ ਭਰੇਗਾ।
ਜਿਸ ਦੇ ਠੋਸ ਕਦਮਾਂ ਦੀ ਧਮਕ
ਸੁਣ ਰਿਹਾ ਹਾਂ ਮੈਂ
ਕਰੋੜਾਂ ਸਾਲਾਂ ਤੋਂ
ਕਰ ਰਿਹਾ ਹਾਂ
ਉਸੇ ਦਾ ਇੰਤਜ਼ਾਰ
ਆਦਮ ਹਵਾ ਦੇ ਜਾਏ
ਇਨਸਾਨ ਦਾ ਇੰਤਜ਼ਾਰ।
ਹਾਂ ! ਹਾਂ ਐਂ ਇਨਸਾਨ
ਇਸੇ ਲਈ ਮੈਂ ਰੱਬ !
ਤੇਰੀ ਲਟਕਦੀ ਲਾਸ਼ ਵਿਚ
ਫੁਕ ਰਿਹਾ ਹਾਂ ਜ਼ਿੰਦਗੀ !
ਕਿ ਕੋਈ ਕਰ ਰਿਹਾ ਹੈ
ਕਰੋੜਾਂ ਸਾਲਾਂ ਤੋਂ
ਤੇਰਾ ਇੰਤਜ਼ਾਰ
ਤੇ ਤੂੰ ਜਾ ਕੇ ਇਕ ਦਿਨ
ਉਸਦੀ ਮਿੱਟੀ ਵਿਚ
ਭਰਦੇ ਜਰਖੇਜ਼ ਜ਼ਿੰਦਗੀ।






Login first to enter comments.