Sun, 01 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਡਾ. ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਬੇਅਦਬੀ ਦੀ ਘਟਨਾ ਨੇ ਹਰ ਸੰਵੇਦਨਸ਼ੀਲ ਨਾਗਰਿਕ ਦਾ ਹਿਰਦਾ ਝੰਝੋੜਿਆ :ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ

ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇ, ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰੇ : ਡਿਪਟੀ ਮੇਅਰ

ਜਲੰਧਰ, 9 ਸਤੰਬਰ (ਸੋਨੂੰ) : : ਡਾ. ਬੀ. ਆਰ. ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਕਥਿਤ ਤੌਰ ਤੇ ਜੁੱਤੀਆਂ ਦਾ ਹਾਰ ਪਾਉਣ ਦੀ ਸਾਹਮਣੇ ਆਈ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਜਲੰਧਰ ਦੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਕਰੋੜਾਂ ਲੋਕਾਂ ਲਈ ਪ੍ਰੇਰਣਾ ਸਰੋਤ ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਅਜਿਹਾ ਵਿਵਹਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮਲਕੀਤ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਦਕਰ ਜੀ ਨੇ ਆਪਣੀ ਪੂਰੀ ਜ਼ਿੰਦਗੀ ਸਮਾਜਿਕ ਬਰਾਬਰੀ, ਨਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸਮਰਪਿਤ ਕੀਤੀ। ਉਨ੍ਹਾਂ ਵੱਲੋਂ ਦੇਸ਼ ਨੂੰ ਦਿੱਤਾ ਗਿਆ ਸੰਵਿਧਾਨ ਹਰ ਭਾਰਤੀ ਦੇ ਅਧਿਕਾਰਾਂ ਦੀ ਰੱਖਿਆ ਦਾ ਮਜ਼ਬੂਤ ਆਧਾਰ ਹੈ। ਇਸ ਲਈ ਉਨ੍ਹਾਂ ਦੀ ਪ੍ਰਤਿਮਾ ਨਾਲ ਬੇਅਦਬੀ ਸਿਰਫ਼ ਕਿਸੇ ਇੱਕ ਵਿਅਕਤੀ ਜਾਂ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਨਹੀਂ, ਬਲਕਿ ਸਮਾਜਿਕ ਭਾਈਚਾਰੇ, ਸ਼ਾਂਤੀ ਅਤੇ ਸਦਭਾਵਨਾ ਨੂੰ ਪ੍ਰਭਾਵਿਤ ਕਰਨ ਵਾਲਾ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ FIR ਦਰਜ ਹੋ ਚੁੱਕੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਨੂੰ ਮਾਮਲੇ ਦੀ ਨਿਰਪੱਖ ਅਤੇ ਤੁਰੰਤ ਜਾਂਚ ਕਰਦਿਆਂ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣਾ ਚਾਹੀਦਾ ਹੈ। ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਡਿਪਟੀ ਮੇਅਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਵਿੱਚ ਤਣਾਅ ਅਤੇ ਬੇਚੈਨੀ ਪੈਦਾ ਕਰ ਸਕਦੀਆਂ ਹਨ। ਇਸ ਲਈ ਪ੍ਰਸ਼ਾਸਨ ਨੂੰ ਨਾ ਸਿਰਫ਼ ਮੌਜੂਦਾ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਸਗੋਂ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰੇ, ਇਸ ਲਈ ਵੀ ਢੁੱਕਵੇਂ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਸ਼ਾਂਤੀ, ਸੰਜਮ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ। ਕਿਸੇ ਵੀ ਤਰ੍ਹਾਂ ਦੀ ਅਫ਼ਵਾਹ, ਭੜਕਾਊ ਬਿਆਨਬਾਜ਼ੀ ਜਾਂ ਅਜਿਹੀ ਕਾਰਵਾਈ ਤੋਂ ਬਚਿਆ ਜਾਵੇ, ਜਿਸ ਨਾਲ ਮਾਹੌਲ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦਾ ਜਵਾਬ ਕਾਨੂੰਨੀ ਅਤੇ ਲੋਕਤੰਤਰਿਕ ਤਰੀਕੇ ਨਾਲ ਹੀ ਦਿੱਤਾ ਜਾਣਾ ਚਾਹੀਦਾ ਹੈ।ਮਲਕੀਤ ਸਿੰਘ ਨੇ ਕਿਹਾ, “ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ ਜੀ ਕਿਸੇ ਇੱਕ ਵਰਗ ਦੇ ਨਹੀਂ, ਸਗੋਂ ਪੂਰੇ ਦੇਸ਼ ਦੀ ਮਹਾਨ ਸ਼ਖ਼ਸੀਅਤ ਹਨ। ਉਨ੍ਹਾਂ ਦਾ ਸਨਮਾਨ ਕਰਨਾ ਹਰ ਭਾਰਤੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੀ ਪ੍ਰਤਿਮਾ ਨਾਲ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾਣੀ ਚਾਹੀਦੀ ਹੈ।” ਉਨ੍ਹਾਂ ਅੰਤ ਵਿੱਚ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਮਾਜ ਵਿੱਚ ਭਾਈਚਾਰਾ, ਸ਼ਾਂਤੀ, ਸਦਭਾਵਨਾ ਅਤੇ ਆਪਸੀ ਸਨਮਾਨ ਕਾਇਮ ਰੱਖਣਾ ਸਭ ਤੋਂ ਵੱਡੀ ਲੋੜ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਰਾਹੀਂ ਇਹ ਸਪੱਸ਼ਟ ਸੁਨੇਹਾ ਜਾਣਾ ਚਾਹੀਦਾ ਹੈ ਕਿ ਮਹਾਨ ਸ਼ਖ਼ਸੀਅਤਾਂ ਦੀਆਂ ਪ੍ਰਤਿਮਾਵਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

Comments

No comments yet.



Latest News

Number of Visitors - 260172

Share this Post