Baba Deep Singh Ji Parkash Purab at Gurduwara Shaheeda Sahib
6 ਦਿਨ ਪਹਿਲਾਂ ਕੈਨੇਡਾ ਗਏ ਪਿੰਡ ਨੌਲੀ ਦੇ ਨੌਜਵਾਨ ਦੀ ਮੌਤ
ਖੁਸ਼ੀਆਂ ਚਾਵਾਂ ਨਾਲ ਤੋਰੇ ਪੁੱਤਰ ਦੀ ਮੌਤ ਦੀ ਖਬਰ ਸੁਣਦਿਆਂ ਮਾਤਾ ਪਿਤਾ ਦਾ ਰੋ-ਰੋ ਕੇ ਬੁਰਾ ਹਾਲ
ਪਿੰਡ 'ਚ ਫੈਲੀ ਸੋਗ ਦੀ ਲਹਿਰ
ਲਵਦੀਪ ਬੈਂਸ ( ਪਤਾਰਾ/ਜਲੰਧਰ ਕੈਂਟ ) :- ਮਹਿਜ਼ 6 ਦਿਨ ਪਹਿਲਾਂ ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਨੌਲੀ ਤੋਂ ਕੈਨੇਡਾ ਗਏ ਨੌਜਵਾਨ ਦੀ ਅਚਾਨਕ ਮੌਤ ਹੋ ਗਈ, ਹਾਲਾਂਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ । ਮ੍ਰਿਤਕ ਨੌਜਵਾਨ ਦੀ ਪਹਿਚਾਣ ਗਗਨਦੀਪ ਸਿੰਘ ਉਰਫ਼ ਗੁੱਗੂ ਵਜੋਂ ਹੋਈ ਹੈ । ਮਹਿਜ਼ ਛੇ ਦਿਨ ਪਹਿਲਾਂ ਕੈਨੇਡਾ ਪਹੁੰਚੇ ਗਗਨਦੀਪ ਸਿੰਘ ਦੇ ਘਰ 'ਚ ਖਿੜੀ ਖੁਸ਼ੀ ਦੀ ਲਹਿਰ ਅਚਾਨਕ ਉਸਦੀ ਮੌਤ ਦੀ ਖਬਰ ਸੁਣਦਿਆਂ ਮਾਤਮ 'ਚ ਬਦਲ ਗਈ ਅਤੇ ਗਗਨਦੀਪ ਸਿੰਘ ਦੀ ਮੌਤ ਦੀ ਖਬਰ ਜਿਵੇਂ ਹੀ ਪਿੰਡ ਪਹੁੰਚੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੇ ਪਿਤਾ ਮੋਹਣ ਲਾਲ ਅਤੇ ਮਾਤਾ ਸੀਮਾ ਨੇ ਦੱਸਿਆ ਕਿ ਗਗਨਦੀਪ ਦਾ ਵਿਆਹ ਨਵੰਬਰ 2021 ਨੂੰ ਸੋਫੀ ਪਿੰਡ ਦੀ ਰਹਿਣ ਵਾਲੀ ਲੜਕੀ ਸ਼ੰਮੀ ਨਾਲ ਹੋਇਆ ਸੀ ਅਤੇ ਦਸੰਬਰ 2021 ਨੂੰ ਇੱਕ ਮਹੀਨੇ ਬਾਅਦ ਹੀ ਲੜਕੀ ਕੈਨੇਡਾ ਚਲੀ ਗਈ ਸੀ । ਉਨ੍ਹਾਂ ਦੱਸਿਆ ਕਿ ਹੁਣ ਕੈਨੇਡਾ ਦਾ ਵੀਜ਼ਾ ਲੱਗਣ 'ਤੇ ਗਗਨਦੀਪ 6 ਸਤੰਬਰ ਨੂੰ ਹੀ ਟੋਰਾਂਟੋ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਓਨਟਾਰੀਓ ਦੇ ਸ਼ਹਿਰ ਬੈਰੀ 'ਚ ਆਪਣੀ ਪਤਨੀ ਸ਼ੰਮੀ ਕੋਲ ਪਹੁੰਚਿਆ ਸੀ । ਉਨ੍ਹਾਂ ਦੱਸਿਆ ਕਿ ਜਦ ਗਗਨਦੀਪ ਦੀ ਮੌਤ ਹੋਈ ਤਾਂ ਉਸਦੀ ਪਤਨੀ ਸ਼ੰਮੀ ਕੰਮ 'ਤੇ ਗਈ ਹੋਈ ਸੀ ਅਤੇ ਉਹ ਘਰ 'ਚ ਇਕੱਲਾ ਸੀ । ਉਨ੍ਹਾਂ ਦੱਸਿਆ ਕਿ ਗਗਨਦੀਪ ਦੀ ਮੌਤ ਦੇ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗਗਨਦੀਪ ਦੀ ਲਾਸ਼ ਕਬਜ਼ੇ 'ਚ ਲੈ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ ।
ਜ਼ਿਕਰਯੋਗ ਹੈ ਕਿ ਗਗਨਦੀਪ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਮਾਤਾ ਪਿਤਾ ਨੇ ਬੜੀ ਮੁਸ਼ਕਿਲ ਦੇ ਨਾਲ ਨੌਜਵਾਨ ਪੁੱਤਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸੇ ਤਰ੍ਹਾਂ ਵਿਦੇਸ਼ ਭੇਜਿਆ ਸੀ । ਗਗਨਦੀਪ ਦੇ ਪਿਛੇ ਪਰਿਵਾਰ 'ਚ ਮਾਤਾ ਪਿਤਾ ਤੇ ਇੱਕ ਭੈਣ ਰਿਹ ਗਏ ਹਨ । ਜਾਣਕਾਰੀ ਮੁਤਾਬਿਕ ਪਰਿਵਾਰ ਆਪਣੇ ਇਕਲੌਤੇ ਪੁੱਤਰ ਗਗਨਦੀਪ ਦੀ ਅੰਤਿਮ ਵਿਦਾਈ ਲਈ ਉਸਦੀ ਮ੍ਰਿਤਕ ਦੇਹ ਨੂੰ ਆਪਣੇ ਘਰ ਲਿਆਉਣ ਲਈ ਯਤਨ ਕਰ ਰਹੇ ਹਨ ।






Login first to enter comments.