Baba Deep Singh Ji Parkash Purab at Gurduwara Shaheeda Sahib
ਖੇਡਾਂ ਵਤਨ ਪੰਜਾਬ ਦੀਆਂ-2023: ਪ੍ਰਸ਼ਾਸਨ ਨੇ ਮਸ਼ਾਲ ਮਾਰਚ ਤੇ ਸੂਬਾ ਪੱਧਰੀ ਮੈਚਾਂ ਲਈ ਤਿਆਰੀਆਂ ਵਿੱਢੀਆਂ
25 ਅਗਸਤ ਨੂੰ ਜਲੰਧਰ ਪੁੱਜੇਗਾ ਮਸ਼ਾਲ ਮਾਰਚ, 1 ਤੋਂ 6 ਅਕਤੂਬਰ ਤੱਕ ਹੋਣਗੇ ਮੈਚ
3000 ਖਿਡਾਰੀਆਂ ਦੇ ਮੈਚਾਂ ’ਚ ਹਿੱਸਾ ਲੈਣ ਦੀ ਉਮੀਦ
ਜਲੰਧਰ, 23 ਅਗਸਤ :
ਜ਼ਿਲ੍ਹਾ ਪ੍ਰਸ਼ਾਸਨ ਨੇ ਖੇਡਾਂ ਵਤਨ ਪੰਜਾਬ ਦੀਆਂ-2023 ਸਬੰਧੀ 25 ਅਗਸਤ ਨੂੰ ਜਲੰਧਰ ਵਿਖੇ ਪਹੁੰਚਣ ਵਾਲੇ ਮਸ਼ਾਲ ਮਾਰਚ ਦੇ ਸਵਾਗਤ ਤੋਂ ਇਲਾਵਾ 1 ਤੋਂ 6 ਅਕਤੂਬਰ ਤੱਕ ਕਰਵਾਏ ਜਾਣ ਵਾਲੇ ਸੂਬਾ ਪੱਧਰੀ ਮੈਚਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਹਾਕੀ, ਅਥਲੈਟਿਕਸ ਅਤੇ ਘੋੜਸਵਾਰੀ ਦੇ ਮੈਚ ਬਰਲਟਨ ਪਾਰਕ, ਪੀ.ਏ.ਪੀ. ਅਤੇ ਸਪੋਰਟਸ ਕਾਲਜ ਵਿੱਚ ਹੋਣਗੇ।
ਵਧੀਕ ਡਿਪਟੀ ਕਮਿਸ਼ਨਰ ਮੇਜਰ ਡਾ. ਅਮਿਤ ਮਹਾਜਨ ਨੇ ਅੱਜ ਇਥੇ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 29 ਅਗਸਤ ਨੂੰ ਬਠਿੰਡਾ ਵਿਖੇ ਸ਼ੁਰੂ ਹੋਣ ਵਾਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਸੀਜ਼ਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ ਸ਼ੁਰੂ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮਸ਼ਾਲ ਮਾਰਚ 25 ਅਗਸਤ ਨੂੰ ਜਲੰਧਰ ਪਹੁੰਚੇਗਾ, ਜਿਸ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਇਸ ਸਮਾਗਮ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਵੀ ਲਗਾਈਆਂ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਇੱਥੇ 1 ਤੋਂ 6 ਅਕਤੂਬਰ ਤੱਕ ਹੋਣ ਵਾਲੀਆਂ ਖੇਡਾਂ ਦੇ ਸੂਬਾ ਪੱਧਰੀ ਮੈਚਾਂ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਖੇਡਾਂ ਵਿੱਚ ਕਰੀਬ 3000 ਖਿਡਾਰੀਆਂ ਦੇ ਭਾਗ ਲੈਣ ਦੀ ਉਮੀਦ ਹੈ, ਜਿਨ੍ਹਾਂ ਲਈ ਭੋਜਨ, ਰਿਹਾਇਸ਼, ਟਰਾਂਸਪੋਰਟ, ਸੁਰੱਖਿਆ, ਮੈਡੀਕਲ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਜਲਦ ਤੋਂ ਜਲਦ ਯੋਜਨਾਬੰਦੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸੁਚੱਜੇ ਢੰਗ ਨਾਲ ਮੈਚ ਕਰਵਾਉਣ ਲਈ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਨੋਡਲ ਅਫ਼ਸਰ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਮਾਗਮ ਵਿੱਚ ਦਾਖ਼ਲੇ ਦੌਰਾਨ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਚਾਹਵਾਨ ਨੌਜਵਾਨਾਂ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ www.khedanwatanpunjabdia.com ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਅਪੀਲ ਵੀ ਕੀਤੀ। ਮੀਟਿੰਗ ਵਿੱਚ ਐਸ.ਡੀ.ਐਮ. ਵਿਕਾਸ ਹੀਰਾ ਅਤੇ ਖੇਡ, ਸਿੱਖਿਆ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।






Login first to enter comments.