Friday, 30 Jan 2026

ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਹੀ ਜਥੇਦਾਰ ਮੰਨਣ ਨੂੰ ਉਨ੍ਹਾਂ ਦੇ ਘਰ ਚ ਕੀਤਾ ਨਜ਼ਰਬੰਦ ।

ਜਲੰਧਰ 2 ਜੁਲਾਈ (ਸੋਨੂੰ) :- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਹੀ ਸਵੇਰੇ ਤੜਕਸਾਰ 6 ਵਜੇ ਦੇ ਕਰੀਬ ਥਾਣਾ ਡਵੀਜ਼ਨ ਨੰਬਰ 8 ਦੇ ਮੁੱਖੀ ਯਾਦਵਿੰਦਰ ਸਿੰਘ ਵਲੋਂ ਆਪਣੀ ਪੁਲਿਸ ਪਾਰਟੀ ਸਮੇਤ  ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਘਰ ਦੀ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਘਰ ਚ ਨਜ਼ਰਬੰਦ ਕਰ ਦਿੱਤਾ।ਇਸ ਮੌਕੇ ਜਥੇਦਾਰ ਮੰਨਣ ਦੇ ਸਾਥੀ ਜਦੋਂ ਮੁਹਾਲੀ ਪੇਸ਼ੀ ਤੇ ਜਾਣ ਲਈ ਜਥੇਦਾਰ ਮੰਨਣ ਦੇ ਘਰ ਪਹੁੰਚੇ ਤਾਂ  ਉਨ੍ਹਾਂ ਨੂੰ ਵੀ ਉਥੇ ਹੀ ਬਿਠਾ ਲਿਆ ਗਿਆ ।ਜਥੇਦਾਰ ਕੁਲਵੰਤ ਸਿੰਘ ਮੰਨਣ ਤੇ ਉਨ੍ਹਾਂ ਦੇ ਸਾਥੀਆਂ ਨੂੰ ਮੁਹਾਲੀ ਪੇਸ਼ੀ ਤੇ ਜਾਣ ਤੋਂ ਰੋਕ ਲਿਆ ਗਿਆ।ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਪੁਲਿਸ ਵਲੋਂ ਕੀਤੀ ਧੱਕੇਸ਼ਾਹੀ ਦੀ ਨਿੰਦਿਆ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਉਨ੍ਹਾਂ ਦੇ ਸਮਰਥਨ ਲਈ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਤੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਦਿੱਲੀ ਦੇ ਆਗੂਆਂ ਦੇ ਹੁਕਮਾਂ ਤਹਿਤ ਪੰਜਾਬ ਵਿਚ ਅਣਐਲਾਨੀ ਐਮਰਜੈਂਸੀ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਘਰਾਂ ਚ ਜ਼ਬਰੀ ਨਜ਼ਰਬੰਦ ਕਰਨਾ ਅਤੇ ਰਸਤਿਆਂ ਚ ਨਾਕੇ ਲਗਾ ਕੇ ਅਕਾਲੀ ਆਗੂਆਂ ਨੂੰ ਰੋਸ ਪ੍ਰਦਰਸ਼ਨ ਚ ਜਾਣ ਤੋਂ ਰੋਕਣਾ ਤਾਨਾਸ਼ਾਹੀ ਭਗਵੰਤ ਮਾਨ ਦੀ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਜ਼ਬਰ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਧੱਕੇਸ਼ਾਹੀ ਕਰਕੇ ਨੈਤਿਕ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
    ਇਸ ਮੌਕੇ ਸੁਲੱਖਣ ਸਿੰਘ ਕੰਗ, ਰਣਜੀਤ ਸਿੰਘ ਰਾਣਾ, ਮਨਿੰਦਰਪਾਲ ਸਿੰਘ ਗੁੰਬਰ,ਰਵਿੰਦਰ ਸਿੰਘ ਸਵੀਟੀ,ਸਤਿੰਦਰ ਸਿੰਘ ਪੀਤਾ, ਜਥੇਦਾਰ ਅਜੀਤ ਸਿੰਘ ਮਿੱਠੂ ਬਸਤੀ, ਪਲਵਿੰਦਰ ਸਿੰਘ ਭਾਟੀਆ ਆਦਿ ਮੌਜੂਦ ਸਨ।


63

Share News

Login first to enter comments.

Latest News

Number of Visitors - 133236