ਬਸਪਾ ਨੇ ਪਰਿਨਿਰਵਾਣ ਦਿਵਸ 'ਤੇ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

 

 ਬਾਬਾ ਸਾਹਿਬ ਅੰਬੇਡਕਰ ਨੇ ਸਮਾਜ ਦੇ ਸਾਰੇ ਵਰਗਾਂ ਦੀ ਬੇਹਤਰੀ ਲਈ ਕੰਮ ਕੀਤਾ : ਡਾ. ਅਵਤਾਰ ਸਿੰਘ ਕਰੀਮਪੁਰੀ

 

 8 ਦਸੰਬਰ ਨੂੰ ਜਲੰਧਰ ਵਿੱਚ ਸਿੱਖਿਆ ਕ੍ਰਾਂਤੀ ਸਬੰਧੀ ਸੂਬਾ ਪੱਧਰੀ ਸੈਮੀਨਾਰ ਕਰੇਗੀ ਬਸਪਾ

 

G2M ਜਲੰਧਰ (ਵਿਕਰਾਂਤ ਮਦਾਨ) 6 ਦਸੰਬਰ 2024 :- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਮੇਤ ਬਸਪਾ ਆਗੂਆਂ ਵੱਲੋਂ ਅੱਜ ਇੱਥੇ ਡਾ. ਬੀ. ਆਰ. ਅੰਬੇਡਕਰ ਚੌਂਕ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਉਨ੍ਹਾਂ ਦੇ ਪਰਿਨਿਰਵਾਣ ਦਿਵਸ ਦੇ ਮੌਕੇ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਬਾਬਾ ਸਾਹਿਬ ਦੇ ਯੋਗਦਾਨ ਨੂੰ ਯਾਦ ਕਰਦਿਆਂ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਮਾਜ ਦੇ ਸਾਰੇ ਵਰਗਾਂ ਦੀ ਬੇਹਤਰੀ ਲਈ ਕੰਮ ਕੀਤਾ। ਜਿੱਥੇ ਉਨ੍ਹਾਂ ਨੇ ਦਲਿਤ-ਪੱਛੜੇ ਵਰਗਾਂ ਨੂੰ ਸੰਵਿਧਾਨਿਕ ਹੱਕ ਲੈ ਕੇ ਦਿੱਤੇ ਤੇ ਉਨ੍ਹਾਂ ਨੂੰ ਨੁਮਾਇੰਦਗੀ ਦੇ ਰਾਹੀਂ ਸੱਤਾ ਵਿੱਚ ਹਿੱਸੇਦਾਰੀ ਕਰਾਈ, ਉੱਥੇ ਉਨ੍ਹਾਂ ਨੇ ਔਰਤਾਂ ਦੇ ਬਰਾਬਰੀ ਦੇ ਹੱਕਾਂ ਲਈ ਵੀ ਜੱਦੋਜਹਿਦ ਕੀਤੀ।

ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਭਾਰਤ ਨੂੰ ਭਾਈਚਾਰੇ ਦੇ ਆਧਾਰ 'ਤੇ ਇੱਕ ਖੁਸ਼ਹਾਲ ਦੇਸ਼ ਦੇਖਣਾ ਚਾਹੁੰਦੇ ਸਨ। ਇਸ ਕਰਕੇ ਉਨ੍ਹਾਂ ਨੇ ਜਾਤੀ ਵਿਵਸਥਾ ਦੇ ਖਾਤਮੇ ਦੀ ਗੱਲ ਕੀਤੀ, ਕਿਉਂਕਿ ਜਾਤੀ ਦੇ ਖਾਤਮੇ ਨਾਲ ਹੀ ਸਮਾਜਿਕ ਵੰਡੀਆਂ ਤੇ ਊਚ-ਨੀਚ ਦੀ ਭਾਵਨਾ ਖਤਮ ਕਰਕੇ ਇੱਕ ਖੁਸ਼ਹਾਲ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਬਾਬਾ ਸਾਹਿਬ ਦੇ ਸਮਾਜ ਲਈ ਪਾਏ ਯੋਗਦਾਨ ਕਰਕੇ ਅੱਜ ਉਨ੍ਹਾਂ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਯਾਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਡਾ. ਕਰੀਮਪੁਰੀ ਨੇ ਇਹ ਵੀ ਕਿਹਾ ਕਿ ਬਸਪਾ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪਰਿਨਿਰਵਾਣ ਦਿਵਸ ਨੂੰ ਸਮਰਪਿਤ 8 ਦਸੰਬਰ ਨੂੰ ਜਲੰਧਰ ਵਿੱਚ ਸਿੱਖਿਆ ਕ੍ਰਾਂਤੀ ਦੇ ਸੰਬੰਧ ਵਿੱਚ ਇੱਕ ਸੂਬਾ ਪੱਧਰੀ ਸੈਮੀਨਾਰ ਕੀਤਾ ਜਾ ਰਿਹਾ ਹੈ। ਇਹ ਸੈਮੀਨਾਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ। ਇਸ ਸੈਮੀਨਾਰ ਵਿੱਚ ਬਸਪਾ ਮੌਜ਼ੂਦਾ ਤੇ ਪਿਛਲੀਆਂ ਸਰਕਾਰਾਂ ਦੌਰਾਨ ਸਿੱਖਿਆ ਦੇ ਕੀਤੇ ਗਏ ਘਾਣ ਬਾਰੇ ਰੌਸ਼ਨੀ ਪਾਏਗੀ। ਉਨ੍ਹਾਂ ਬਸਪਾ ਵਰਕਰਾਂ, ਸਮਰਥਕਾਂ, ਲੋਕਾਂ ਨੂੰ ਇਸ ਸੈਮੀਨਾਰ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸੂਬਾ ਸਕੱਤਰ ਇੰਜ. ਜਸਵੰਤ ਰਾਏ, ਜਗਦੀਸ਼ ਦੀਸ਼ਾ, ਪਰਮਜੀਤ ਮੱਲ, ਸਲਵਿੰਦਰ ਕੁਮਾਰ, ਬਲਵਿੰਦਰ ਰੱਲ੍ਹ, ਦਵਿੰਦਰ ਗੋਗਾ, ਵਿਜੇ ਯਾਦਵ, ਕਰਮ ਚੰਦ, ਐਡਵੋਕੇਟ ਪ੍ਰਿਤਪਾਲ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਦੀਪਕ, ਪ੍ਰਿੰਸੀਪਲ ਪਰਮਜੀਤ ਜੱਸਲ, ਮਦਨ ਬਿੱਲਾ, ਰਣਜੀਤ ਕੁਮਾਰ ਆਦਿ ਵੀ ਮੌਜ਼ੂਦ ਸਨ।

17

Share News

Login first to enter comments.
Number of Visitors - 54202