ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਸਫਾਈ ਸੇਵਕਾਂ/ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ :- ਚੇਅਰਮੈਨ ਚੰਦਨ ਗਰੇਵਾਲ
ਚੇਅਰਮੈਨ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਦੇਸ਼ ਕਿ ਹਰੇਕ ਸਫ਼ਾਈ ਕਰਮਚਾਰੀ ਨੂੰ ਐਤਵਾਰ ਦੀ ਛੁੱਟੀ ਜ਼ਰੂਰ ਕੀਤੀ ਜਾਵੇ
ਲੁਧਿਆਣਾ, 28 ਨਵੰਬਰ (ਸੇਨੂੱ ਬਾਈ) : ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਚੰਦਨ ਗਰੇਵਾਲ ਵੱਲੋਂ ਵੀਰਵਾਰ ਨੂੰ ਸਥਾਨਕ ਬੱਚਤ ਭਵਨ ਵਿਖੇ ਸਮੂਹ ਸਫਾਈ/ਸੀਵਰਮੈਨ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਕੁੱਝ ਮੁਸ਼ਕਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੀਆਂ ਮੁਸ਼ਕਲਾਂ ਦਾ ਨਿਪਟਾਰਾ ਅਧਿਕਾਰੀਆਂ ਨੂੰ ਸਮਾਂਬੱਧ ਰਹਿ ਕੇ ਕਰਨ ਲਈ ਆਦੇਸ਼ ਦਿੱਤੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਸੰਯੁਕਤ ਕਮਿਸ਼ਨਰ, ਨਗਰ ਨਿਗਮ ਸ੍ਰੀ ਅੰਕੁਰ ਮਹਿੰਦਰੂ, ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਸ੍ਰੀ ਜਸਦੇਵ ਸਿੰਘ ਸੇਖੋ ਤੋਂ ਇਲਾਵਾ ਨਗਰ ਨਿਗਮ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਜ਼ਰ ਸਨ।
ਚੇਅਰਮੈਨ ਸ੍ਰੀ ਚੰਦਨ ਗਰੇਵਾਲ ਕੋਲ ਨਗਰ ਨਿਗਮ ਦੇ ਕਈ ਕਰਮਚਾਰੀਆਂ ਨੇ ਉਹਨਾਂ ਦੀ ਸਰਵਿਸ ਬੁੱਕ ਗੁੰਮ ਹੋਣ ਦੀ ਸ਼ਿਕਾਇਤ ਕੀਤੀ। ਜਿਸ ਤੇ ਚੇਅਰਮੈਨ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਬੰਧਤ ਕਲਰਕਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ। ਉਹਨਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜਿਹੜਾ ਵੀ ਨਗਰ ਨਿਗਮ ਦਾ ਕਲਰਕ ਸਮਾਂਬੱਧ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਅਤੇ ਹੋਰ ਦਰਜਾ ਚਾਰ ਕਰਮਚਾਰੀਆਂ ਦੇ ਬਣਦੇ ਕੰਮ ਨਹੀਂ ਕਰਦਾ ਉਸ ਕਲਰਕ ਤੇ ਵੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜਿਹੜੇ ਕਰਮਚਾਰੀਆਂ ਦੀਆਂ ਤਰੱਕੀਆਂ ਡਿਊ ਹਨ, ਉਨ੍ਹਾਂ ਕਰਮਚਾਰੀਆਂ ਦੀਆਂ ਕਾਨੂੰਨ ਅਨੁਸਾਰ ਦਸੰਬਰ, 2024 ਦੇ ਪਹਿਲੇ ਹਫਤੇ ਤੱਕ ਤਰੱਕੀ ਕੀਤੀ ਜਾਵੇ ਅਤੇ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ। ਉਹਨਾਂ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਹਰੇਕ ਸਫ਼ਾਈ ਕਰਮਚਾਰੀ ਨੂੰ ਐਤਵਾਰ ਦੀ ਛੁੱਟੀ ਜ਼ਰੂਰ ਕੀਤੀ ਜਾਵੇ। ਉਹਨਾਂ ਅਧਿਕਾਰੀਆਂ ਨੂੰ ਕਿਹਾ ਉਹ ਜਨਵਰੀ ਦੇ ਪਹਿਲੇ ਹਫਤੇ ਫਿਰ ਲੁਧਿਆਣਾ ਵਿਖੇ ਆਉਣਗੇ ਅਤੇ ਇਹਨਾਂ ਕਰਮਚਾਰੀਆਂ ਦੀ ਭਲਾਈ ਲਈ ਮੀਟਿੰਗ ਕਰਨਗੇ। ਉਹਨਾਂ ਕਿਹਾ ਕਿ ਇਹਨਾਂ ਸਫ਼ਾਈ ਕਰਮਚਾਰੀਆਂ ਕਰਕੇ ਹੀ ਲੁਧਿਆਣਾ ਸਫ਼ਾਈ ਵਿਚ ਨੰਬਰ ਇੱਕ ਤੇ ਹੈ।
ਸ੍ਰੀ ਚੰਦਨ ਗਰੇਵਾਲ ਵੱਲੋਂ ਕਿਹਾ ਗਿਆ ਕਿ ਸਫਾਈ ਕਮਿਸ਼ਨ ਸਫਾਈ ਸੇਵਕਾਂ/ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹਾ ਹੈ ਤੇ ਡੱਟ ਕੇ ਖੜ੍ਹਾ ਰਹੇਗਾ। ਚੇਅਰਮੈਨ ਨੇ ਕਿਹਾ ਕਿ ਕਮਿਸ਼ਨ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ।
ਚੇਅਰਮੈਨ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਸਫ਼ਾਈ ਕਰਮਚਾਰੀਆਂ ਦੀ ਤਰੱਕੀ ਅਤੇ ਭਲਾਈ ਲਈ ਵੱਧ ਤੋਂ ਵੱਧ ਉਪਰਾਲੇ ਕਰ ਰਹੀ ਹੈ।
ਸਫਾਈ ਕਰਮਚਾਰੀਆਂ ਵੱਲੋਂ ਵੀ ਚੇਅਰਮੈਨ ਸ੍ਰੀ ਚੰਦਨ ਗਰੇਵਾਲ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਚੇਅਰਮੈਨ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਬਾਰੇ ਕਿਹਾ ਗਿਆ। ਸ੍ਰੀ ਚੰਦਨ ਗਰੇਵਾਲ ਨੇ ਕਿਹਾ ਕਿ ਸਫਾਈ/ਸੀਵਰਮੈਨ ਕਰਮਚਾਰੀਆਂ ਵੱਲੋਂ ਲੁਧਿਆਣਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਕੀਤੇ ਜਾਂਦੇ ਯਤਨ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਫਾਈ ਕਰਮਚਾਰੀਆਂ ਤੇ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਸਫਾਈ ਕਰਮਚਾਰੀਆਂ ਦੀ ਹਰ ਮੰਗ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਪੁਰਜੋਰ ਯਤਨ ਕਰਦੇ ਰਹਿਣਗੇ।
Login first to enter comments.