ਕੂੜਾ ਸੁੱਟਣ ਵਾਲਿਆਂ ਖਿਲਾਫ਼ ਕਾਰਵਾਈ ਲਈ ਨਿਗਮ ਨੇ ਕੀਤੀ ਸਟਾਫ਼ ਦੀ ਤਾਇਨਾਤੀ, ਕੂੜੇ ਵਾਲੀ ਥਾਂ ਦਾ ਹੋਵੇਗਾ ਸੁੰਦਰੀਕਰਨ
ਜਲੰਧਰ, 11 ਅਕਤੂਬਰ (सोनू भाई) : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਨਿਗਮ, ਜਲੰਧਰ ਨੂੰ ਪਹਿਲਾਂ ਹੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਸੰਜੇ ਗਾਂਧੀ ਮਾਰਕਿਟ ਨੇੜੇ ਬੀ.ਐਮ.ਸੀ. ਚੌਕ ਵਿਖੇ ਲੋਕਾਂ ਵਲੋਂ ਸੁੱਟੇ ਜਾਂਦੇ ਕੂੜੇ ਕਰਕੇ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਧਿਆਨ ਵਿੱਚ ਆਉਣ ਉਪਰੰਤ ਤੁਰੰਤ ਨਗਰ ਨਿਗਮ, ਜਲੰਧਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਮੌਕੇ ’ਤੇ ਜਾ ਕੇ ਤੁਰੰਤ ਕੂੜੇ ਨੁੂੰ ਚੁਕਵਾਇਆ ਜਾਵੇ ਅਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਤੁਰੰਤ ਕਾਰਵਾਈ ਕਰਦਿਆਂ ਜੁਆਇੰਟ ਕਮਿਸ਼ਨਰ ਨਗਰ ਨਿਗਮ ਮਨਦੀਪ ਕੌਰ ਵਲੋਂ ਸਫ਼ਾਈ ਅਮਲੇ ਨੂੰ ਤਾਇਨਾਤ ਕਰਕੇ ਜਗ੍ਹਾ ਦੀ ਸਾਫ਼-ਸਫ਼ਾਈ ਕਰਵਾਈ ਗਈ ਅਤੇ ਅੱਗੇ ਤੋਂ ਇਸ ਜਗ੍ਹਾ ’ਤੇ ਕੋਈ ਵਿਅਕਤੀ ਕੂੜਾ ਆਦਿ ਨਾ ਸੁੱਟ ਸਕੇ, ਨੁੂੰ ਰੋਕਣ ਅਤੇ ਬਣਦੀ ਕਾਰਵਾਈ ਕਰਨ ਲਈ ਕਰਮਚਾਰੀ ਤਾਇਨਾਤ ਕੀਤੇ ਗਏ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਨਗਰ ਨਿਗਮ, ਜਲੰਧਰ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਵਲੋਂ ਪੂਰੀ ਚੌਕਸੀ ਵਰਤਦਿਆਂ ਸ਼ਹਿਰ ਨੂੰ ਸ਼ਾਫ਼-ਸੁਥਰਾ ਬਣਾਉਣ ਲਈ ਜਮੀਨੀ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਜਗ੍ਹਾ ਨੂੰ ਕੂੜੇ ਤੋਂ ਮੁਕਤ ਰੱਖਣ ਲਈ ਇਥੇ ਸੁੰਦਰੀਕਰਨ ਤੇ ਪਲਾਂਟੇਸ਼ਨ ਦਾ ਕੰਮ ਵੀ ਕਰਵਾਇਆ ਜਾਵੇਗਾ, ਤਾਂ ਜੋ ਇਹ ਜਗ੍ਹਾ ਕੂੜੇ ਦੇ ਡੰਪ ਦੀ ਬਜਾਏ ਬਿਊਟੀਫਿਕੇਸ਼ਨ ਪਖੋਂ ਖਿੱਚ ਦਾ ਕੇਂਦਰ ਬਣ ਸਕੇ।
--------------






Login first to enter comments.