ਜਾਲੰਧਰ G2M 27 ਜੂਨ 24:-
——- ਮੈਂ ਸ਼ਾਂਤੀ ਨਹੀਂ ਚਾਹੁੰਦਾ ———
ਮੈਂ ਨਹੀਂ ਚਾਹੁੰਦਾ ਸ਼ਾਂਤੀ -
ਮੈਂ ਯੁੱਧ ਕਰਾਂਗਾ
ਮੈਂ ਕਦੇ ਨਹੀਂ ਕਹਾਂਗਾ : ਜੈ ਮੀਰ -
ਮੈਂ ਅੰਤਮ ਸਾਹਾਂ ਤਕ ਲੜਾਂਗਾ।
ਸਕੂਲ ਜਾਂਦੇ ਬੱਚਿਆਂ ਦੀ ਟੋਲੀ ਵਿਚ
ਫ਼ਰਕ ਹੈ ਜਦ ਤਕ ਸੈ ਕੋਹਾਂ ਦਾ
ਸੁਹਣੀ ਵਰਦੀ ਵਿਚ
ਮੁਸਕਰਾਂਦੇ ਚਿਹਰੇ ਨਾਲ
ਚੜ੍ਹਦਾ ਹੈ ਇਕ ਬੱਗੀ ਵਿਚ
ਤੇ ਦੂਸਰਾ :
ਨੰਗੇ ਪੈਰੀਂ
ਫਟੇ ਹੋਏ ਬਸਤੇ ਨਾਲ
ਲੜਖੜਾਂਦਾ ਤੁਰ ਰਿਹੈ
ਤੇ ਸਥਿਤੀ ਦੇ ਇਸ ਸੰਦਰਭ ਵਿਚ
ਸ਼ਾਂਤੀ ਦਾ ਸਰਲ ਅਰਥ :
ਸੱਚ ਤੋਂ ਅੱਖਾਂ ਨੂਟਣਾ
ਤੇ ਇਸਦਾ ਭਾਵ ਅਰਥ
ਆਪਣੇ ਆਪ ਨੂੰ ਧੋਖਾ ਦੇਣਾ ਹੈ ।
ਤੇ ਨਾਲੇ
ਸੈ ਕੋਹਾਂ ਦਾ ਇਹ ਫਾਸਲਾ
ਸਕੂਲ ਦੇ ਹੱਦ ਬੰਨੇ ਤੋਂ
ਖਤਮ ਨਹੀਂ ਹੁੰਦਾ ਬਲਕਿ
ਸ਼ੁਰੂ ਹੁੰਦਾ ਹੈ ।
ਹਰ ਕਦਮ ‘ਤੇ
ਵਧਦਾ ਵਧਦਾ ਇਹ ਫਾਸਲਾ
ਕ੍ਰੋੜਾਂ ਕੋਹ ਵਲ
ਵਧੀ ਜਾ ਰਿਹੈ।
ਇਹ ਫਾਸਲਾ
ਅੱਜ ਧਰਤ ਤੇ ਆਸਮਾਨ ਨਾਲੋਂ ਵੀ
ਡੂੰਘੇਰਾ ਅਤੇ ਵਡੇਰਾ
ਹੁੰਦਾ ਜਾ ਰਿਹੈ ।
ਹੁਣ ਇਕ ਪਾਸੇ :
ਭੁੱਖੇ ਪੇਟ
ਛਲਨੀ ਹੱਥ
ਪੈਰ ਬਿਆਈਆਂ ਪਾਟੇ ਹੋਏ
ਤੇ ਦੂਜੇ ਪਾਸੇ
ਖਰਮਸਤੀਆਂ ਅਯਾਸ਼ੀਆਂ
ਤੇ ਚੋਚਲੇ ਸਵਾਦ ।
ਸਥਿਤੀ ਦੇ ਇਸ ਸੰਦਰਭ ਵਿਚ
ਸ਼ਾਂਤੀ ਦਾ ਸਰਲ ਅਰਥ :
ਸੱਚ ਤੋਂ ਅੱਖਾਂ ਨੂਟਣੀਆਂ ਹਨ
ਤੇ ਇਸ ਦਾ ਭਾਵ ਅਰਥ :
ਆਪਣੇ ਆਪ ਨੂੰ
ਧੋਖਾ ਦੇਣਾ ਹੈ ।
ਹਾਂ! ਹਾਂ ! ਮੈਂ
ਸਹੁੰ ਖਾਂਦਾ ਹਾਂ
ਨੰਗੇ ਠੁਰਕਦੇ,ਲੜਖੜਾਂਦੇ
ਫਟੇ ਝੋਲੇ ਨਾਲ
ਸਕੂਲੇ ਜਾਂਦੇ ਬਾਲ ਦੀ
ਕਿ ਮੈਂ ਸ਼ਾਂਤੀ ਨਹੀਂ ਚਾਹੁੰਦਾ
ਮੈਂ ਯੁੱਧ ਕਰਾਂਗਾ
ਮੈਂ ਕਦੇ ਨਹੀਂ ਕਹਾਂਗਾ ਜੈ ਮੀਰ
ਮੈਂ ਅੰਤਮ ਸਾਹਾਂ ਤਕ ਲੜਾਂਗਾ
ਜੰਗ ਜਾਰੀ ਰਹੇਗਾ
ਜਦ ਤਕ
ਪੂਰ ਨਹੀਂ ਲੈਂਦੇ
ਇਹ ਪਾੜਾ।






Login first to enter comments.