ਜਾਲੰਧਰ G2M 24ਜੂਨ 24:-
ਜ਼ਿੰਦਗੀ- |||
ਲਓ ਦੇਖੋ :
ਅੱਧੀ ਰਾਤ ਨੂੰ
ਫੇਰ ਧੂਆਂ ਉਠਿਆ ਹੈ ।
ਅੱਗਾਂ-ਬੰਬਾਂ
ਨਾਲ ਚੌਪਾਸੇ
ਮੱਚ ਗਿਆ ਹੈ ਕੋਹਰਾਮ ਜਿਹਾ ।
ਜ਼ਾਲਮ-ਰਾਖਸ਼-ਖੂੰਨੀ-ਹਤਿਆਰਾ
ਮਨੁੱਖੀ ਖੋਪਰੀਆਂ ਵਿਚ
ਭਰ-ਭਰ, ਲਹੂ-ਪਿਆਲੇ
ਗਟ-ਗਟ ਕਰਕੇ ਪੀਵੇਗਾ
ਭਾਂਬੜ ਲਾਊ - ਅੱਗ ਮਚਾਊ
ਸਾਰਾ ਕੁਝ ਜਲ ਜਾਏਗਾ
ਬੱਕਰੇ ਬਲਾਉ ਰਾਤ ਭਰ
ਇਹ ਮਾਰੂ ਕਿਲਕਾਰੀਆਂ : ਕਿ
ਜ਼ਿੰਦਗੀ ਦਾ ਕਰ ਦਿੱਤਾ ਹੈ
ਸਰਵਨਾਸ਼ ਮੈਂ
ਹਮੇਸ਼ ਕਾਲ ਲਈ
ਬੜੀਆਂ ਸ਼ੇਖੀਆਂ ਮਾਰੇਗਾ
ਜ਼ਾਲਮ ਹੰਸਿਆਰਾ
ਸਵੇਰ ਹੁੰਦੇ ਸਾਰ ਹੀ ਪਰ
ਹੋ ਜਾਏਗਾ ਹੈਰਾਨ - ਪਸ਼ੇਮਾਨ
ਕਿਉਂਕਿ ਗਲੇ-ਸੜੇ-ਧੁਖ ਰਹੇ
ਰਾਖ ਦੇ ਚੌਗਿਰਦੇ ਵਿਚੋਂ
ਮੈਂ ਬਣ ਕੇ,ਕਰੂੰਬਲ ਨਵੀਂ ਇਕ ਫੁੱਟਾਂਗੀ
ਜੜ੍ਹ-ਤਣਾ-ਪੱਤੇ-ਫੁੱਲ ਤੇ ਫਲਾਂ ਸੰਗ ਲਹਿਰਾਂਦਾ
ਬਿਰਖ ਮੈਂ ਬਣ ਜਾਵਾਂਗੀ
ਤੇ ਮੇਰੇ ਪੱਤਿਆ ਨੂੰ -
ਛੇੜਦੀਆਂ ਸੰਦਲੀ ਹਵਾਵਾਂ
ਫੇਰ ਸਰਗਮ ਗਾਉਣ ਗੀਆਂ
ਚੌਪਾਸੇ ਜ਼ਰੇ ਜ਼ਰੇ ਅੰਦਰ
ਮੈਂ ਜ਼ਿੰਦਗੀ
ਫੇਰ ਖੁਸ਼ਬੂ-ਬਹਾਰ-ਤੇ ਜੀਵਨ ਬਣਕੇ
ਛਾ ਜਾਵਾਂਗੀ
ਛੋਟੇ ਬਾਲ ਇਆਣੇ ਰਲ-ਮਿਲ
ਗਾਉਣਗੇ ਪੀਂਘਾਂ ਪਾਉਣਗੇ ਕਿੱਕਲੀਆਂ
ਅਤੇ ਝੂੰਮਰ ਪਾਉਣਗੇ ।
ਕੈਦੇ ਖਰੀਦਣਗੇ,ੳ ਅ ੲ ਪੜ੍ਹਨਗੇ
ਫੇਰ ਸਿਖਰ ਤਕ ਪਹੁੰਚ ਜਾਣਗੇ ।
ਮੌਤ ਦੀ ਜਕੜ ਵਿਚ
ਜਨੂੰਨੀ ਹੰਸਿਆਰੇ ਦੀ ਪਕੜ ਵਿਚ
ਮੈਂ ਜ਼ਿਆਦਾ ਦੇਰ
ਰਹਿ ਨਹੀਂ ਸਕਦੀ ਗੁਲਾਮ
ਜਿਸ ਦਿਸ਼ਾ ਵਲ ਜਾਵਾਂਗੀ
ਮੌਤ ਬੋਰੀ-ਬਿਸਤਰਾ ਲਪੇਟ ਜਾਏਗੀ
ਤੇ ਫੇਰ ਸਰਬ ਦਿਸ਼ਾਵਾਂ ਵਿਚ
ਮੈਂ ਹੀ ਮੈਂ
ਫੈਲ ਜਾਵਾਂਗੀ -
ਨਾਮ ਮੇਰਾ ਹੈ ਜ਼ਿੰਦਗੀ !






Login first to enter comments.