Thursday, 29 Jan 2026

“ਅਹਿਸਾਸ” ਲੜੀ-8

G2M ਜਾਲੰਧਰ 25 ਮਈ 24:-

—— ਬੰਦਗੀ—— 

ਹੇ ਮੇਰੇ ਈਸ਼ਵਰ,ਵਾਹਿਗੁਰੂ,ਰਾਮ

ਤੇਰੇ ਭਗਤ ਅਨੇਕ

ਲਾ ਕੇ ਧੂਣੀ, ਮਾਰ ਸਮਾਧੀ

ਨਿਸ ਦਿਨ ਜਪਦੇ ਤੇਰਾ ਨਾਮ ।

 

ਨਿਸੁਆਰਥ ਦੀ ਸਿਖਰ ਨੇ ਉਹ

ਜਿਨ੍ਹਾਂ ਹਰ – ਚਰਨੀ ਚਿੱਤ ਲਾਇਆ

ਡੰਡਓਤ ਬੰਧਨਾਂ ਅਨਿਕ ਬਾਰ

ਕਰਦੇ ਤੇਰੇ ਭਗਤ ਅਨੇਕ

ਪੂਜਾ ਕਰਦੇ, ਮਾਲਾ ਜਪਦੇ

ਲਾਉਂਦੇ ਤਾੜੀ -ਮਾਰ ਸਮਾਧੀ

ਜਾਂਦੇ ਤੇਰੇ ਵਿਚ

ਪੂਰੀ ਤਰ੍ਹਾਂ ਗਵਾਚ।

 

ਨਹੀਂ ਨਹੀਂ ਰਘਮ ਸਚਦੇਵਾ

ਉਹਨਾਂ ਵਿਚੋਂ ਬਾਹਲਿਆਂ ਨੂੰ ਤਾਂ

ਤੂੰ ਨਹੀਂ ਕਦੇ ਪਰਤਾਇਆ।

ਉਹਨਾਂ ਵਿਚੋਂ ਬਹੁਤੇ ਤਾਂ

ਮੀਂਹ ਦੀ ਪਹਿਲੀ ਛਿੱਟ ਪੈਂਦਿਆਂ

ਫੂਕ ਮੁਸੱਲਾ - ਭੰਨ ਕੇ ਲੋਟਾ

ਧੁਣੀ ਧਾਣੀ ਵਿਚੇ ਛੱਡਕੇ

ਮਾਲਾ ਪਰੇ ਵਗਾਹ ਦੇਂਦੇ ਨੇ।

ਉਹਨਾਂ ਕਦੀ ਨਹੀਂ ਸੀ

ਮੇਰੇ ਚਰਨੀਂ ਚਿੱਤ ਲਾਇਆ।

 

ਉਹਨਾਂ ਤਾਂ ਤਨ ਮਨ ਆਪਣਾ

ਮਾਇਆ ਸੰਗ ਲੁਭਾਇਆ।

ਮੂੰਹ ਵਿਚ ਰਾਮ ਰਾਮ ਹੁੰਦਾ ਹੈ ਬੇਸ਼ਕ

ਆਸਤੀਨ ਵਿਚ ਉਹਨਾਂ ਲੇਕਿਨ

ਜ਼ਹਿਰੀਲਾ ਹੁੰਦੈ ਨਾਗ ਵਸਾਇਆ।

 

ਨਿਸਦਿਨ, ਹਰ ਪਲ, ਹਰ ਘੜੀ

ਤਾਹਨੇ ਮਿਹਣੇ ਨਫ਼ਰਤ ਨਿਹੋਰੇ

ਈਰਸ਼ਾ - ਦਵੈਸ਼ - ਬਖੀਲੀ ਦੀ

ਅੰਦਰ - ਖਾਤੇ ਜਪਦੇ ਰਹਿੰਦੇ

ਹਰ ਲਮਹੇ ਉਹ ਮਾਲਾ!

ਜਿਨ੍ਹਾਂ ਲੋਕਾਂ ਬਾਰੇ ਸੀ

ਬਾਬੇ ਨੇ ਫਰਮਾਇਆ

“ਸਾਧ ਨਾ ਇਨ ਕੋ ਆਖੀਅਨ

ਬਾਨਾਰਸ ਕੇ ਠਗ"

ਉਹੋ ਲੋਕ ਨਿਰੰਤਰ

ਉਤੋਂ ਉਤੋਂ ਜਪਦੇ ਰਹਿੰਦੇ

ਮੇਰੇ ਨਾਮ ਦੀ ਮਾਲਾ।

 

ਹਾਂ! ਹਾਂ! ਰਘਮ ਸਚਦੇਵਾ

ਆਪਣੇ ਆਪ ਨੂੰ ਅਰਪਿਤ ਕਰਦਾ

ਵਿਰਲਾ ਕੋਈ ਜਪਦੈ

ਮੇਰੇ ਨਾਮ ਦੀ ਮਾਲਾ

ਮੀਂਹ ਝੱਖੜ ਤੂਫਾਨ ਤੇ ਅਗਨੀ

ਨਹੀਂ ਪਹੁੰਦੀ ਉਹਨੂੰ ਫਿਰ ਯਾਰਾ। 

 

ਤੱਤੀ ਤਵੀ ਦੇ ‘ਤੇ ਚੜ੍ਹਕੇ

ਅਗਨੀ ‘ਤੇ ਹੋ ਕਿ ਬਿਰਾਜਮਾਨ

“ਤੇਰਾ ਭਾਣਾ ਮੀਠਾ ਲਾਗੈ

ਹਰਿ ਨਾਮ ਪਦਾਰਥ ਨਾਨਕ ਮਾਂਗੈ”

ਦੀ ਜਪਦੇ ਨੇ ਜੋ ਮਾਲਾ।

ਉਹ ਮੇਰੇ ਵਿਚ

ਹੋ ਜਾਂਦੇ ਨੇ ਸਮਿਲਤ

ਬਲਕਿ ਇਸ ਲਮਹੇ ਤੋਂ

ਢੇਰ ਅਰਸਾ ਪਹਿਲਾਂ

ਮੈਂ ਉਹਨਾਂ ਵਿਚ ਹੋ ਜਾਂਦਾ ਹਾਂ ਲੀਨ।

 

ਲੋਹੇ ਦੇ

ਅਤਿ ਤੱਤੇ ਥੱਮ ਦੇ ‘ਤੇ

ਉਨ੍ਹਾਂ ਦੇ ਚੜ੍ਹਨ ਤੋਂ ਪਹਿਲਾਂ

ਕੀੜੀ ਰੂਪ ਵਟਾ ਕੇ

ਮੈਂ ਪਹਿਲੇ ਚੜ੍ਹ ਜਾਨਾਂ।

 

ਜੋ ਮੇਰੇ ਵਿਚ ਮਿਲ ਜਾਂਦੈ

ਮੈਂ ਉਸ ਵਿਚ ਰਮ ਜਾਨਾਂ

ਕੀ ਦੱਸ ਸਕਦੈਂ ਤੂੰ ਕਦੇ?

ਮੈਂ ਸਮੁੰਦ ਸ਼ਾਹ ਸੁਲਤਾਨ ਹਾਂ ਜੇ

ਤਾਂ ਖੋਲਦੇ ਮੇਰੇ ਪਾਣੀਆਂ ਅੰਦਰ

ਕਿਹੜਾ ਕਿਹੜਾ ਹੈ ?

ਗੰਗਾ ਜਮੁਨਾ ਸਰਸਵਤੀ ਬਿਆਸ

ਸਤਲੁਜ ਰਾਵੀ ਜਿਹਲਮ ਝਨਾਬ ਦਾ ਪਾਣੀ ?

ਉਹ ਮੇਰੇ ਅੰਦਰ ਮਿਲ ਜਾਂਦੇ

ਮੈਂ ਉਹਨਾਂ ਦੇ

ਧੁਰ ਅੰਦਰ ਵੱਸ ਜਾਂਦਾਂ

ਇਥੇ ਕਤਰਾ ਹੈ ਵੱਧਕੇ ਸਮੁੰਦ ਹੋ ਜਾਂਦਾ

ਤੇ ਮਹਾਂ-ਸਾਗਰ ਸਿਮਟ ਕੇ ਤ੍ਰਿਪ ਇਕ ਬਣ ਜਾਂਦੈ

ਤੇ ਤੂਰ ਦੇ ਪਹਾੜ ਤੇ ਚੜ੍ਹ

ਜਦ ਕੋਈ ਕਰਦੈ ਅਨਲਹੱਕ ਦਾ ਐਲਾਨ

ਉਦੋਂ ਉਹ ਖੁਦਾ, ਮੈਂ

ਮੂਸਾ ਬਣ ਜਾਂਦਾਂ ॥

ਉਹ ਮੈਂ ਵਿਚ ਮੈਂ ਉਸ ਵਿਚ

ਹੋ ਜਾਂਦੇ ਹਾਂ ਸਮਿਲਤ ॥

 

ਬਾਕੀ ਨਾਮ ਤਾਂ,

ਜਿਆਦਾਤਰ ਲੋਕ ਜਪਦੇ ਨੇ

ਆਪਣੀ ਆਪਣੀ ਹਉਮੈਂ ਨੂੰ

ਪੱਠੇ ਪਾਉਣ ਲਈ

 

ਲੀਨ - ਵਿਲੀਨ, ਫ਼ਨਾਹ ਤੇ ਬਕਾ

ਦਾ ਸਫ਼ਰ

ਹੈ ਬਹੁਤ

ਬਾਦ ਦਾ ਸਫ਼ਰ !


70

Share News

Login first to enter comments.

Latest News

Number of Visitors - 132833