Friday, 30 Jan 2026

“ਗੁਰੂਓ”- ਇੱਕ ਕਵਿਤਾ ਲੇਖਕ ਪ੍ਰੋਫੈਸਰ ਰਘੁਬਾਰ ਸਿੰਘ ਦੀ ਕਿਤਾਬ “ਅਹਿਸਾਸ” ਵਿੱਚੋਂ ।

ਅਹਿਸਾਸ ਲੜੀ-5

----- “ਗੁਰੂਓ”----


ਦੇਵਤਿਓ, ਰਿਸ਼ੀਓ, ਮੁਨੀਓ
ਗੁਰੂਓ, ਪੀਰੋ, ਪੈਗੰਬਰੋ ਤੇ ਅਵਤਾਰੋ।
ਤੁਸੀਂ ਹੋ ਸਾਡੇ
ਹਿਰਦਿਆਂ ਵਿਚ ਬਿਰਾਜਮਾਨ
ਆਦਿ ਕਾਲ ਤੋਂ।

ਤੁਹਾਡੇ ਚਿੱਤਰ ਤਾਂ
ਸਾਡੇ ਪੁਰਾਣੇ
ਸਿੱਕਿਆਂ - ਸ਼ਿਲਾਲੇਖਾਂ
ਮੰਦਰਾਂ - ਗੁਫ਼ਾਵਾਂ
ਵਿਚ ਅੰਕਤ ਹਨ।
ਤੇ ਤੁਸੀਂ ਸਾਡੇ
ਹਿਰਦੇ - ਪੱਟ - ਦੋ ਸਿੰਘਾਸਨ ‘ਤੇ
ਬਿਰਾਜਮਾਨ ਹੋ ਸਦਾ।

ਤੇ ਤੁਹਾਡੇ ਸੰਗ
ਹੁੰਦਾ ਹੈ ਜ਼ਿਕਰ
ਝੂਠ ਦਾ
ਫਰੇਬ ਦਾ
ਦਗੇ ਦਾ
ਸੱਪ ਦਾ
ਸ਼ੈਤਾਨ ਦਾ
ਅਗਨੀ ਦੇ ਕੁੰਭ ਦਾ
ਰਾਕਸ਼ਸਾਂ ਦੇ ਝੁੰਡ ਦਾ
ਮਾਰੂ ਸ਼ਕਤੀਆਂ ਦਾ
ਨਾਂਹ ਪੱਖੀ ਹਸਤੀਆਂ ਦਾ

ਜਿਨਾਂ ਨੂੰ- ਕੇਵਲ
ਤੁਸੀਂ ਹੀ ਕਾਬੂ ਕੀਤਾ
ਉਨ੍ਹਾਂ ‘ਤੇ ਕਰ ਕੇ ਚੜ੍ਹਾਈ
ਤੁਸੀਂ ਫਤਿਹ ਸੀ ਪਾਈ
ਤੇ ਸਾਡੇ ਮਾਰਗ ਦਰਸ਼ਕ ਬਣੇ ਸਾਓ
ਜਿਵੇਂ ਕਿ ਭਗਤਾਂ ਦੀ ਲਾਜ ਰੱਖਣ ਲਈ
ਹਰਨਾਕਸ਼ ਤੇ ਪ੍ਰਹਿਲਾਦ
ਸਲਵਾਨ ਤੇ ਪੂਰਨ
ਦੁਰਯੋਧਨ ਤੇ ਦ੍ਰੋਪਤੀ
ਦੇ ਪ੍ਰਸੰਗ ਵਿਚ।

ਤੇ ਅਸੀਂ
ਖਲਕਤ, ਜਨ - ਸਾਧਾਰਨ,
ਲੋਕਾਈ
ਜਿਸ ਦੀ ਪ੍ਰਤਿਨਿਧਤਾ
ਕਰਦਾ ਹੈ
ਇਕ ਸਾਧਾਰਨ ਆਦਮੀ
ਜਨੀ ਕੇ ਮੈਂ
ਮੇਰਾ ਤਾਂ ਕਿਤੇ ਵੀ
ਜ਼ਿਕਰ ਨਹੀਂ ਹੈ
ਮੈਂ ਤਾਂ ਕੇਵਲ
ਰੇਤ ਦਾ ਇਕ ਕਣ
ਮਿੱਟੀ ਦਾ ਇਕ ਜ਼ਰਰਾ
ਧੂੜ ਦੀ ਇਕ ਮਹੀਨ ਜਿਹੀ ਤੰਦ ਦਾ
ਅਣੂ ਹਾਂ।

ਮੇਰਾ ਜ਼ਿਕਰ ਕਿਤੇ ਨਹੀਂ ਹੈ
ਨਾ ਸ਼ਿਲਾਲੇਖਾਂ, ਨਾ ਕੰਦਰਾਂ, ਨਾ ਗੁਫਾਵਾਂ
ਨਾ ਪਹਾੜਾਂ ਨਾ ਚੱਟਾਨਾਂ
ਨਾ ਸਿੱਕਿਆਂ ਉੱਤੇ।
ਤੁਸੀਂ ਹੀ ਸੁਆਮੀ ਹੋ
ਉਸ ਅੰਮ੍ਰਿਤ ਨੂੰ ਪੀਣ ਦੇ
ਜਿਸ ਨੂੰ ਤੁਸੀਂ ਕੱਢਿਆ ਸੀ
ਸਮੁੰਦਰ ਰਿੜਕ ਕੇ
ਤੇ ਸਮੁੰਦਰ ਮੰਥਨ ਦੀ
ਇਸ ਪ੍ਰਕਿਰਿਆ ਵਿਚ
ਜਿੱਥੇ ਸੁਮੇਰ ਪਰਬਤ ਨੂੰ
ਬਣਾ ਕੇ ਮਧਾਣੀ
ਤੇ ਸ਼ੇਸ਼ਨਾਗ ਨੂੰ
ਬਣਾ ਕੇ ਨੇਤਰਾ
ਰਾਕਸ਼ਾਸਾਂ ਸੰਗ ਮਿਲ
ਤੁਸੀਂ ਰਿੜਕਿਆ ਸੀ ਸਮੁੰਦਰ
ਤੇ ਉਹ ਅੰਮ੍ਰਿਤ ਲੈ ਕੇ
ਦੌੜ ਗਏ ਸਨ ਰਾਕਸ਼ਸ
ਤੇ ਵਿਸ਼ ਛੱਡ ਗਏ ਸਨ
ਸਾਰੀ ਦੀ ਸਾਰੀ
ਤੁਹਾਨੂੰ ਹੀ ਡੀਕ ਲਾ
ਪਈ ਸੀ ਪੀਣੀ ਜ਼ਹਿਰ ਸਾਰੀ
ਅੰਮ੍ਰਿਤ ਦੇ ਤੁਸੀਂ ਹੀ ਹੱਕਦਾਰ ਸੀ।
ਹਾਂ ! ਹਾਂ! ਅਸਲੀ ਹੱਕਦਾਰ
ਤੁਸੀਂ ਹੀ ਸੀ
ਮੈਂ ਨਹੀਂ।
ਮੈਂ, ਮੈਂ ਤਾਂ ਅੰਮ੍ਰਿਤ ਨਹੀਂ ਹਾਂ
ਮੈਂ ਤਾਂ ਪਾਣੀ ਦੀ ਇਕ ਬੂੰਦ ਤ੍ਰਿਪ
ਔਂਸ ਦਾ ਇਕ ਜ਼ਰਰਾ ਹਾਂ
ਵਰਦੇ ਮੀਂਹ ਦੀ ਇਕ ਕਣੀ ਹਾਂ ਕੇਵਲ।
ਪਰ ਕਦੀ ਕਦੀ ਮੈਂ ਸੋਚਦਾਂ
ਅਨਲਹੱਕ ਹਾਂ ਮੈਂ, ਹਾਂ, ਹਾਂ, ਮੈਂ ਹੀ ਹਾਂ
ਸੱਤ, ਬ੍ਰਹਮ, ਈਸ਼ਵਰ, ਵਾਹਿਗੁਰੂ, ਰਾਮ
ਮੈਂ ਹੀ ਹਾਂ ਕਲਕੀ ਅਵਤਾਰ।

ਮੈਂ ਮਿੱਟੀ ਦਾ ਇਕ ਕਣ
ਧੂੜ ਦਾ ਅਤਿ ਮਹੀਨ ਜ਼ਰਰਾ
ਖਾਕ ਦੇ ਦੂਸਰੇ
ਅਣੂਆਂ ਸੰਗ ਮਿਲ
ਚੱਪਾ ਕੁ, ਗਿਠ ਕੁ, ਗਜ਼ ਭਰ ਥਾਂ ਹਾਂ।
ਜੋ ਵਧਦਾ, ਵਧਦਾ, ਵਧਦਾ, ਵਧਦਾ
ਦੇਸ਼ ਦੇਸ਼ਾਂਤਰ ਤੋਂ ਅਗਾਂਹ
ਪੂਰਾ ਬ੍ਰਹਮੰਡ ਬਣ ਜਾਂਦਾ ਹਾਂ!
ਤੈ ਤੁਹਾਨੂੰ ਉਹ ਧਰਾਤਲ
ਉਹ ਆਧਾਰ ਭੂਮੀ
ਉਹ ਸਰ - ਜ਼ਮੀਨ, ਜੰਗਲ ਬੇਲੇ ਦਾ
ਏਕਾਂਤ - ਵਾਸ, ਕਰਦਾ ਹਾਂ ਪ੍ਰਦਾਨ
ਜਿਸ ਉੱਤੇ ਲਾ ਸਮਾਧੀ
ਤੁਸੀਂ ਗੁਰੂ, ਰਿਸ਼ੀ, ਮੁਨੀ,ਪੀਰ, ਅਵਤਾਰ-
ਤੇ ਭਗਵਾਨ ਬਣ ਜਾਂਦੇ ਹੋ
ਇਹ ਮੇਰਾ ਹੀ ਹਿਰਦੇ ਪਟ ਹੈ
ਜਨ ਸਾਧਾਰਨ ਦੇ ਦਿਲ ਦਾ ਹੀ
ਸਿੰਘਾਸਨ ਹੈ ਮਹਾਰਾਜ
ਜਿਸ ਉੱਤੇ ਹੋ ਕੇ ਬਿਰਾਜਮਾਨ
ਤੁਸੀਂ ਬਣ ਜਾਂਦੇ ਹੋ
ਅਮਰ ਤੇ ਅਨਾਦੀ।

ਮੈਂ ਪਾਣੀ ਦੀ ਉਹ ਛਿੱਟ
ਔਂਸ ਦਾ ਉਹ ਜ਼ਰਰਾ ਹਾਂ
ਜੋ ਦੂਸਰੇ ਕਤਰਿਆਂ ਸੰਗ ਮਿਲ
ਆਖ਼ਰਕਾਰ ਬੂੰਦ ਬੂੰਦ ਤੋਂ ਤਾਲਾਬ
ਨਦੀ, ਦਰਿਆ ਤੇ ਠਾਠਾਂ ਮਾਰਦਾ
ਮਹਾਂ - ਸਾਗਰ ਬਣ ਜਾਂਦਾ ਹਾਂ
ਤੇ ਤੁਹਾਨੂੰ ਉਹ
ਅਧਾਰ ਭੂਮੀ
ਕਰਦਾ ਹਾਂ ਪ੍ਰਦਾਨ
ਜਿਸ ਵਿਚ ਤੁਸੀਂ
ਸ਼ੇਸ਼ਨਾਗ ‘ਤੇ ਹੋ ਕੇ ਸਵਾਰ
ਕਰਦੇ ਹੋ ਵਿਸ਼ਰਾਮ
ਤੇ ਕਹਿਲਾਂਦੇ ਹੋ ਭਗਵਾਨ
ਤੇ ਕਦੀ ਕਦਾਈਂ
ਸੁਮੇਰ ਪਰਬਤ ਤੇ ਬਾਸ਼ਕਨਾਗ
ਨਾਲ ਮੱਥ ਕੇ
ਮੇਰੇ ਵਿਚੋਂ ਕੱਢਦੇ ਹੋ
ਰਤਨ ਚੌਦਾਂ
ਤੇ ਜਿਸ
ਅੰਮ੍ਰਿਤ ਦੀ ਖਾਤਰ
ਅੱਜ ਲੜ ਰਹੇ ਹੋ ਤੁਸੀਂ
ਰਾਖਸ਼ਸਾਂ ਦੇ ਸੰਗ
ਉਹ ਅੰਮ੍ਰਿਤ ਤੇ ਹੋਰ
ਅਨੇਕ ਰਤਨ
ਮੇਰੇ ਹੀ
ਧੁਰ ਅੰਦਰ ਨੂੰ ਰਿੜਕਕੇ
ਤੁਸੀਂ ਕੱਢੇ ਹਨ ਬਾਹਰ ਹਜ਼ੂਰ
ਇਸੇ ਲਈ ਹੀ, ਮੈਂ ਪਾਣੀ ਦਾ ਇਕ ਜ਼ਰਰਾ
ਕਦੀ ਕਦੀ ਸੋਚਦਾਂ
ਮੈਂ ਹਾਂ ਅਨਲਹੱਕ..........


194

Share News

Login first to enter comments.

Latest News

Number of Visitors - 132962