ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
———- ਮੇਰੇ ਵੱਲੋਂ ———-
{ਲੇਖਕ ਰਾਮ ਸਿੰਘ ਇਨਸਾਫ਼ ਵਿਚਾਰਾਂ ਦੀ ਸਾਂਝ ਪਾਉੰਦੇ ਅਤੇ ਅਪਣਾ ਗ਼ੁਨਾਹ ਕਬੂਲ ਕਰਦੇ ਹੋਏ}
ਅਸੀਂ ਆਮ ਤੌਰ ਤੇ ਇਹ ਗੱਲ ਸੁਣਦੇ ਆ ਰਹੇ ਹਾਂ ਕਿ ਸਮਾਜ ਦਾ ਢਾਂਚਾ ਬਹੁਤ ਵਿਗੜ ਗਿਆ ਹੈ। ਹਰ ਪਾਸੇ ਰਿਸ਼ਵਤ ਖੋਰੀ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ. ਸ਼ਰ੍ਹੇਆਮ ਸੀਨਾ-ਜ਼ੋਰੀ ਧੱਕੇਸ਼ਾਹੀ ਅਤੇ ਜ਼ੁਲਮ ਹੋ ਰਿਹਾ ਹੈ। ਝੂਠੇ ਮੁਕਾਬਲੇ ਬਣਾ ਕੇ ਬੇਗ਼ੁਨਾਹ ਲੋਕ ਮਾਰੇ ਜਾ ਰਹੇ ਹਨ। ਸਰਕਾਰਾਂ ਬੇਖੌਫ਼ ਹੋ ਕੇ ਲੁੱਟ ਕਰ ਰਹੀਆਂ, ਕੋਈ ਅਪੀਲ ਦਲੀਲ ਨਹੀਂ, ਹਰ ਪਾਸੇ ਗੁੰਡਾ ਗਰਦੀ ਹੋ ਰਹੀ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ, ਬਲੈਕ, ਜਮਾਖ਼ੋਰੀ ਅਤੇ ਲੱਕ ਤੋੜ ਮਹਿੰਗਾਈ ਨੇ ਆਮ ਵਿਅਕਤੀ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਲੁੱਟਾਂ ਖੋਹਾਂ ਕਤਲਾਂ ਘੁਟਾਲਿਆਂ, ਉਧਾਲਿਆਂ ਬਲਾਤਕਾਰਾਂ ਦੀਆਂ ਖ਼ਬਰਾਂ ਸਭ ਅਖ਼ਬਾਰਾਂ ਦੀਆਂ ਆਮ ਸੁਰਖ਼ੀਆਂ ਹੁੰਦੀਆਂ ਹਨ।
ਕਈ ਧਾਰਮਿਕ ਅਸਥਾਨ ਤਾਂ ਰਾਜਨੀਤੀ ਦੇ ਅੱਡੇ ਬਣ ਗਏ ਹਨ। ਬੇ-ਰੁਜ਼ਗਾਰੀ ਅਤੇ ਕਰਜ਼ੇ ਦੇ ਦੁੱਖੋਂ ਕਾਮੇ, ਕਿਸਾਨਾਂ ਅਤੇ ਨੌਜਵਾਨਾਂ ਦੀਆਂ ਖੁਦਕਸ਼ੀਆਂ ਦੀ ਖ਼ਬਰ ਆਮ ਜ਼ੁਬਾਨ ਤੇ ਹੈ। ਨੋਹਾਂ ਨੂੰ ਦਾਜ ਦੁੱਖੋਂ ਮਾਰਨਾ ਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰਨਾ ਇਸ ਸਮਾਜ ਵਿੱਚ ਆਮ ਗੱਲ ਬਣ ਚੁੱਕੀ ਹੈ। ਮਨੁੱਖ ਨੇ ਕੁਦਰਤ ਦਾ ਸੰਤੁਲਨ ਖ਼ਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਿਸ ਨਾਲ ਧਰਤੀ, ਪਾਣੀ ਅਤੇ ਹਵਾ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕੇ ਹਨ।
ਸਮਾਜ ਦੇ ਹਰ ਖੇਤਰ ਵਿੱਚ ਪ੍ਰਦੂਸ਼ਣ ਲਾ-ਇਲਾਜ ਬਿਮਾਰੀ ਵਾਂਗ ਫੈਲ ਚੁੱਕਾ ਹੈ। ਬੱਚਿਆਂ ਅਤੇ ਨੌਜਵਾਨਾਂ ਨੂੰ ਸਹੀ ਸੇਧ ਨਾ ਮਿਲਣ ਕਾਰਨ ਗਲਤ ਦਿਸ਼ਾ ਵਲ ਜਾਣ ਦਾ ਰੁਝਾਨ ਆਮ ਚਰਚਾ ਦਾ ਵਿਸ਼ਾ ਹੈ। ਹਰ ਪਾਸੇ ਬੇਚੈਨੀ ਦੇਖਣ ਨੂੰ ਮਿਲ ਰਹੀ ਹੈ। ਆਮ ਜਨਤਾ ਦੇ ਚਿਹਰੇ ਤੇ ਓਪਰਾ-ਓਪਰਾ ਹਾਸਾ ਸਾਫ਼ ਝਲਕ ਪੈਂਦਾ ਹੈ। ਸਰਕਾਰਾਂ ਵੱਲੋਂ ਦਿੱਤੇ ਮਾੜੇ ਪ੍ਰਬੰਧ ਅਤੇ ਜੀਵਨ ਵਿੱਚ ਅਸੁਰੱਖਿਆ ਦੀ ਭਾਵਨਾ ਕਾਰਨ ਲੋਕ ਵਿਦੇਸ਼ਾਂ ਵਿੱਚ ਜਾਣ ਲਈ ਮਜ਼ਬੂਰ ਹਨ।
ਸਰਕਾਰੀ ਅਤੇ ਗ਼ੈਰ ਸਰਕਾਰੀ ਗੁੰਡਾ ਗਰਦੀ ਐਨੀ ਵਧ ਚੁੱਕੀ ਹੈ ਕਿ ਸ਼ਰੀਫ ਅਤੇ ਗਰੀਬ ਵਿਅਕਤੀ ਅੱਤਵਾਦ ਦਾ ਸ਼ਿਕਾਰ ਹੋ ਰਹੇ ਹਨ ਤੇ ਕਿਸੇ ਭਾਰੀ ਖੌਫ਼ ਹੇਠ ਐਨਾ ਦੱਬਿਆ ਮਹਿਸੂਸ ਕਰ ਰਹੇ ਹਨ ਕਿ ਸੱਚ ਨੂੰ ਸੱਚ ਕਹਿਣ ਵਾਸਤੇ ਵੀ ਤਿਆਰ ਨਹੀਂ। ਸਭ ਤੋਂ ਵੱਧ ਅਫ਼ਸੋਸ ਅਤੇ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਜਿਹੜਾ ਵੀ ਵਿਅਕਤੀ ਸਮਾਜ ਨੂੰ ਵਿਗੜਿਆ ਸਮਾਜ ਦੱਸਦਾ ਹੈ ਉਹ ਆਪਣੇ ਆਪ ਨੂੰ ਸਮਾਜ ਤੋਂ ਬਾਹਰ ਕੱਢ ਕੇ ਗੱਲ ਕਰਦਾ ਵਿਖਾਈ ਦਿੰਦਾ ਹੈ। ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਲੱਭ ਲੈਂਦੇ ਕਿ ਸਮਾਜ ਦੇ ਵਿਗੜਨ ਦੇ ਕੀ ਕਾਰਨ ਹਨ, ਉਸ ਲਈ ਕੌਣ ਗੁਨਾਹਗਾਰ ਹੈ, ਓਨੀ ਦੇਰ ਤੱਕ ਸਮਾਜ ਦੇ ਸਹੀ ਜਾਂ ਗਲਤ ਹੋਣ ਬਾਰੇ ਕੋਈ ਵੀ ਦਲੀਲ ਠੋਸ ਨਹੀਂ ਕਹੀ ਜਾ ਸਕਦੀ। ਜਦੋਂ ਕਿਸੇ ਬਿਮਾਰੀ ਦਾ ਕਾਰਨ ਲੱਭ ਲਿਆ ਜਾਂਦਾ ਹੈ ਤਾਂ ਫਿਰ ਉਸਦਾ ਇਲਾਜ ਹੋਣਾ ਸੰਭਵ ਹੋ ਸਕਦਾ ਹੈ।
. ਕਿੱਡੋ ਅਫ਼ਸੋਸ ਵਾਲੀ ਗੱਲ ਹੈ ਕਿ ਜਨਤਾ ਸਰਕਾਰਾਂ ਨੂੰ ਆਪ ਚੁਣ ਕੇ ਅਤੇ ਫਿਰ ਉਹਨਾਂ ਮੋਹਰੇ ਹੱਥ ਜੋੜਕੇ ਤਰਲੇ ਕੱਢਦੀ ਅਤੇ ਦਰਾਂ ਦੇ ਉੱਤੇ ਰੁਲਦੀ ਵਿਖਾਈ ਦਿੰਦੀ ਹੈ। ਜਨਤਾ ਨੇ ਚੁਣੇ ਹੋਏ ਉਮੀਦਵਾਰਾਂ, ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਭੁਲਾ ਹੀ ਦਿੱਤਾ ਕਿ ਉਹ ਜਨਤਾ ਦੇ ਸੇਵਾਦਾਰ ਹਨ। ਲੋਕ ਕਹਿੰਦੇ ਹਨ ਕਿ ਰਿਸ਼ਵਤ ਖ਼ੋਰੀ ਹੈ, ਪੁਲਿਸ ਦੀ ਗੁੰਡਾ ਗਰਦੀ ਹੈ, ਨੇਤਾ ਝੂਠੇ ਹਨ, ਚੋਰ-ਉਚੱਕੇ ਹਨ, ਉਹ ਇਨਸਾਨੀਅਤ ਤੋਂ ਗਿਰੇ ਹੋਏ, ਬੇਲੱਜੇ, ਬੇਸ਼ਰਮ ਅਤੇ ਕਮੀਨੇ ਹਨ। ਪਰ ਜੇ ਜਨਤਾ ਨੂੰ ਕੋਈ ਪੁੱਛੇ ਕੀ ਤੁਸੀਂ ਵੋਟਾਂ ਦਾ ਮੁੱਲ ਵਸੂਲ ਤਾਂ ਨਹੀਂ ਕੀਤਾ?, ਕੀ ਤੁਸੀਂ ਕਿਸੇ ਨੂੰ ਰਿਸ਼ਵਤ ਤਾਂ ਨਹੀਂ ਦਿੱਤੀ?, ਕੀ ਤੁਸੀਂ ਸਮਾਜ ਵਿਰੋਧੀ ਤੱਤਾਂ ਨੂੰ ਸਲੂਟ ਮਾਰ ਮਾਰ ਕੇ ਭੂਏ ਤਾਂ ਨਹੀਂ ਚਾੜ੍ਹਿਆ?, ਕੀ ਤੁਸੀਂ ਜੁੱਤੀਆਂ ਦੇ ਕਾਬਿਲ ਸਿਰਾਂ ਨੂੰ ਹਾਰ ਤਾਂ ਨਹੀਂ ਪਾਏ?, ਕੀ ਤੁਸੀਂ ਝੂਠੇ ਭਾਸ਼ਨਾ ਤੇ ਤਾੜੀਆਂ ਤਾਂ ਨਹੀਂ ਮਾਰੀਆਂ?, ਕੀ ਤੁਸੀਂ ਨੋਹਾਂ, ਧੀਆਂ ਨੂੰ ਗਰਭ ਮਾਰਨ ਅਤੇ ਦਾਜ ਕਾਰਨ ਸਾੜਨ ਵਾਲਿਆਂ ਵਿਚ ਸ਼ਾਮਿਲ ਤਾਂ ਨਹੀਂ? ਮੰਨ ਲਈਏ ਕਿ ਤੁਸੀਂ ਉਹਨਾਂ ਵਿਚੋਂ ਨਹੀਂ ਤਾਂ ਫਿਰ ਕੀ ਤੁਸੀਂ ਇਹ ਸਭ ਕੁਝ ਜਾਣਦਿਆਂ ਹੋਇਆਂ ਚੁੱਪ ਤਾਂ ਨਹੀਂ ਵੱਟ ਛੱਡੀ? ਜਾਂ ਕਿਸੇ ਡਰ ਕਾਰਨ ਘੇਸਲੇ ਬਣ ਕੇ ਬੈਠੇ ਤਾਂ ਨਹੀਂ ਰਹੇ? ਜੇ ਇੰਝ ਹੈ ਤਾਂ ਜਿੰਨਾ ਦੋਸ਼ ਜ਼ੁਲਮ ਕਰਨ ਵਾਲੇ ਦਾ ਹੈ ਉਸ ਤੋਂ ਵੀ ਵੱਧ ਦੋਸ਼ ਜ਼ੁਲਮ ਸਹਿਣ ਵਾਲੇ ਦਾ ਹੈ। ਇਸ ਕਰਕੇ ਤੁਸੀਂ ਗ਼ੁਨਾਹਗਾਰਾਂ ਦੀ ਕਤਾਰ ਦੇ ਵਿੱਚ ਖੜ੍ਹੇ ਹੋਣ ਤੋਂ ਬਚ ਨਹੀਂ ਸਕਦੇ। ਕਿਉਂਕਿ ਸਮਾਜ ਵਿਚ ਜਿਹੜੇ ਵੀ ਗੰਦੇ ਅਨਸਰ ਤੁਸੀਂ ਆਪਣੀ ਜਬਾਨੋਂ ਗਰਦਾਨਦੇ ਹੋ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਤੁਹਾਡੀ ਹੀ ਪੈਦਾਇਸ਼ ਹੈ ਤੇ ਇਹ ਸਭ ਤੁਹਾਡੀ ਚੁੱਪ ਦੇ ਪੁਆੜੇ ਹਨ।
ਸਭ ਤੋਂ ਵੱਡਾ ਦੁਖਾਂਤ ਜੇ ਸਮਾਜ ਵਿਚ ਕੋਈ ਹੈ ਤਾਂ ਉਹ ਇਹ ਹੈ ਕਿ ਹਰ ਵਿਅਕਤੀ ਅਧਿਕਾਰ ਚਾਹੁੰਦਾ ਹੈ ਪਰ ਆਪਣੇ ਫਰਜ਼ਾਂ ਨੂੰ ਬਿਲਕੁਲ ਭੁੱਲ ਜਾਂਦਾ ਹੈ। ਜ਼ਿੰਮੇਵਾਰ ਅਧਿਕਾਰੀ, ਮੁਲਾਜ਼ਮ, ਅਫ਼ਸਰ, ਸਰਕਾਰਾਂ ਸਭ ਅਧਿਕਾਰਾਂ ਦੀ ਵਰਤੋ ਤਾਂ ਖੁੱਲ੍ਹ ਕੇ ਕਰਦੇ ਹਨ, ਸਗੋਂ ਦੁਰਵਰਤੋਂ ਕਰਦੇ ਹਨ, ਪਰ ਫ਼ਰਜਾਂ ਦੀ ਕੋਠੜੀ ਨੂੰ ਤਾਲਾ ਮਾਰਕੇ ਰੱਖ ਲੈਂਦੇ ਹਨ। ਜਨਤਾ ਆਪਣੀ ਵੋਟ ਦਾ ਅਧਿਕਾਰ ਵਰਤ ਕੇ ਸਰਕਾਰ ਤਾਂ ਚੁਣ ਲੈਂਦੀ ਹੈ ਪਰ ਸਰਕਾਰਾਂ ਨੂੰ ਲੁੱਟ ਕਰਦਿਆਂ ਦੇਖ ਕੇ ਚੁੱਪ ਰਹਿਣਾ ਉਸ ਦੀ ਫ਼ਰਜਾਂ ਤੋਂ ਸਰਾਸਰ ਕੁਤਾਹੀ ਅਤੇ ਵੱਡਾ ਗ਼ੁਨਹ ਹੁੰਦਾ ਹੈ। ਜਦੋਂ ਤੁਸੀਂ ਲੋਟੂ ਢਾਣੀ ਦੇ ਆਗੂ ਨੂੰ ਸਲੂਟ ਮਾਰਦੇ ਹੋ ਅਤੇ ਗਰੀਬ ਅਤੇ ਸ਼ਰੀਫ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਤਾਂ ਤੁਹਾਡੇ ਬੱਚੇ ਜਦੋਂ ਇਹ ਸਭ ਕੁਝ ਵੇਖਣਗੇ ਤਾਂ ਉਹ ਸਲੂਟ ਲੈਣ ਵਾਲਿਆਂ ਵਿੱਚ ਸ਼ਾਮਿਲ ਹੋਣਾ ਚਾਹੁੰਣਗੇ ਜਾਂ ਸਲੂਟ ਮਾਰਨ ਵਾਲਿਆਂ ਵਿੱਚ? ਉਹ ਸਲੂਟ ਲੈਣ ਵਾਲਿਆਂ ਦੀ ਕਤਾਰ ਵਿਚ ਸ਼ਾਮਿਲ ਹੋਣ ਲਈ ਹਰ ਘਟੀਆ ਤੋਂ ਘਟੀਆ ਗ਼ੈਰ ਸਮਾਜੀ ਕੰਮ ਕਰਨ ਲਈ ਤਿਆਰ ਹੋਣਗੇ। ਸਮਾਜ ਵਿਚ ਇਸ ਤਰ੍ਹਾਂ ਦੀ ਪਨੀਰੀ ਦਾ ਬੀਅ ਬੀਜ ਕੇ ਤੁਸੀਂ ਸਮਾਜ ਨੂੰ ਸੁਖੀ ਦੇਖਣਾ ਚਾਹੁੰਦੇ ਹੋ, ਬੱਚਿਆਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹੋ?, ਆਰਾਮ ਦੀ ਨੀਂਦ ਸੌਣਾ ਚਾਹੁੰਦੇ ਹੋ?, ਬੁਢਾਪੇ ਨੂੰ ਵਧੀਆ ਮਾਨਣਾ ਚਾਹੁੰਦੇ ਹੋ? ਇਹ ਬਿਲਕੁਲ ਸੰਭਵ ਨਹੀਂ ਹੋ ਸਕਦਾ। ਕਿਉਂਕਿ ਤੁਹਾਨੂੰ ਓਹੋ ਹੀ ਵੱਢਣਾ ਪੈਣਾ ਹੈ ਜੋ ਤੁਸੀਂ ਬੀਜਿਆ ਹੁੰਦਾ ਹੈ ਤੁਸੀਂ ਆਪ ਤਾਂ ਗ਼ੁਨਾਹਗਾਰ ਹੋ ਹੀ ਤੁਸੀਂ ਤਾਂ ਆਪਣੀ ਔਲਾਦ ਨੂੰ ਹਨੇਰੇ ਵਿਚ ਅਤੇ ਜ਼ਲਾਲਤ ਭਰੀ ਜ਼ਿੰਦਗੀ ਵਲ ਧੱਕਣ ਲਈ ਬਹੁਤ ਵੱਡੇ ਗ਼ੁਨਾਗਾਰ ਹੋ।ਆਪਾਂ ਸਾਰਿਆਂ ਨੂੰ ਇਹਨਾਂ ਗ਼ੁਨਾਹਾਂ ਦਾ ਜਵਾਬ ਦੇਣਾ ਪਵੇਗਾ।
ਆਓ ਅਸੀਂ ਗੰਭੀਰਤਾ ਦੇ ਨਾਲ ਆਪਣੇ ਆਪ ਤੇ ਅਤੇ ਔਲਾਦ ਉੱਤੇ ਕੋਈ ਤਰਸ ਖਾਂਦਿਆਂ ਹੋਇਆਂ ਇਹ ਵਿਚਾਰ ਕਰੀਏ ਕਿ ਅਸੀਂ ਕਿਸ ਤਰ੍ਹਾਂ ਦਾ ਸਮਾਜ ਸਿਰਜਣਾ ਹੈ ਅਤੇ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਦਿਆਂ ਹੋਇਆਂ ਬਿਨਾਂ ਕਿਸੇ ਸੰਗ ਸ਼ਰਮ ਜਾਂ ਝਿਜਕ ਦੇ ਆਪਣੇ ਗੁਨਾਹਾਂ ਨੂੰ ਕਬੂਲ ਕਰਕੇ ਲੰਬੀ ਚੁੱਪ ਨੂੰ ਤੋੜਦੇ ਹੋਏ ਅੱਜ ਤੋਂ ਹੀ ਯਤਨਸ਼ੀਲ ਹੋਣਾ ਹੈ।
ਤੁਹਾਡਾ ਗ਼ੁਨਾਹਗਾਰ
ਰਾਮ ਸਿੰਘ ਇਨਸਾਫ਼






Login first to enter comments.