ਕਵਿਤਾ 13
“ਜੱਗ ਆਪਣਾ ਸਾਰਾ ਕਰ ਚੱਲੀਏ“
<<<<<<<<>>>>>>>>>>
ਛੱਡ ਨਿੱਤ ਦੇ ਝੰਜਟ ਝੇੜਿਆਂ ਨੂੰ,
ਆ ਕੁਝ ਦਿਲਦਾਰਾ ਕਰ ਚੱਲੀਏ।
ਛੱਡ ਸੋਚਾਂ ਸੌੜੀਆਂ ਇੱਕ ਪਾਸੇ,
ਜੱਗ ਆਪਣਾ ਸਾਰਾ ਕਰ ਚੱਲੀਏ।
ਅਸੀਂ ਤੋੜੀਏ ਬੰਧਨ ਧਰਮਾਂ ਦੇ,
ਲਾਹ ਸੁੱਟੀਏ ਸੰਗਲ ਦੇਸ਼ਾਂ ਦੇ ।
ਸਰਬੱਤ ਦੇ ਭਲੇ ਦੀ ਗੱਲ ਕਰਕੇ,
ਸਾਂਝਾ ਭਾਈਚਾਰਾ ਕਰ ਚੱਲੀਏ।
ਰੱਬ ਲੱਭਦਾ ਲੱਭਦਾ ਜੰਗਲਾਂ ਚੋਂ,
ਭੁੱਲ ਬੈਠਾ ਆਪਣਾ ਆਪ ਬੰਦਾ,
ਹਰ ਬੰਦਾ ਰੱਬ ਦੇ ਵਾਂਗ ਦਿਸੇ,
ਏਦਾਂ ਕੋਈ ਚਾਰਾ ਕਰ ਚੱਲੀਏ ।
ਕਿਤੇ ਪੂਜਾ ਕਰਦਾ ਪੱਥਰਾਂ ਦੀ,
ਕਿਤੇ ਪੱਥਰਾਂ ਦੀ ਬਰਸਾਤ ਕਰੇ,
ਆਓ ਪੱਥਰ ਬਣ ਰਹੇ ਬੰਦੇ ਨੂੰ,
ਅਪਾਂ ਪੂਜਣਹਾਰਾ ਕਰ ਚੱਲੀਏ।
ਡਰ ਪਾਕੇ ਬੰਬ ਮਿਜ਼ਾਈਲਾਂ ਦਾ,
ਸਾਡੇ ਭੁੱਖ ਨੰਗ ਪੱਲੇ ਪਾ ਛੱਡਦਾ,
ਸਾਰੇ ਪਾਸੇ ਅਮਨ ਦੀ ਗੱਲ ਹੋਵੇ,
ਕੋਈ ਕੰਮ ਨਿਆਰਾ ਕਰ ਚੱਲੀਏ।
ਚੁੱਪ ਧਾਰਕੇ ਬੈਠੇ ਰਹੇ ਏਦਾਂ,
ਅਸੀਂ ਇਸ ਇਲਜ਼ਾਮੋਂ ਛੁੱਟਣਾ ਨਹੀਂ,
ਜ਼ਿੰਦ ਲਾ ਕੇ ਮਨੁੱਖਤਾ ਦੇ ਲੇਖੇ,
ਆਪਾਂ ਕੁਝ ਛੁਟਕਾਰਾ ਕਰ ਚੱਲੀਏ।
ਨਾਕਾ ਹੈ ਸਾਡੇ ਬੋਲਣ ਤੇ,
ਨਾਕਾ ਹੈ ਸਾਡੀਆਂ ਕਲਮਾਂ ਤੇ,
ਜਾਬਰ ਦੇ ਲਾਏ ਹੋਏ ਨਾਕਿਆਂ ਨੂੰ ,
ਏਕੇ ਨਾਲ ਨਕਾਰਾ ਕਰ ਚੱਲੀਏ।
ਕੁੱਲੀਆਂ ਵਿੱਚ ਰੋਹ ਦੀ ਅੱਗ ਭੜਕੀ,
ਤੁਰ ਪਏ ਨੇ ਕਾਫ਼ਿਲੇ ਮਹਿਲਾਂ ਵਲ,
ਬੰਨ੍ਹ ਕਫ਼ਨ ਸਿਰਾਂ ਤੇ ਆਉਣ ਲਈ,
ਸਭਨਾਂ ਨੂੰ ਇਸ਼ਾਰਾ ਕਰ ਚੱਲੀਏ।
ਸ਼ਿਕਵਾ ਕਰ ਦੂਰ ਦਵਾਤਾਂ ਦਾ,
ਸਿਰੋਂ ਲਾਹ ਉਲ੍ਹਾਂਬਾ ਕਲਮਾਂ ਦਾ,
ਸਮਾਂ ਮੰਗ ਕਰਦਾ ਸੰਗਰਾਮਾਂ ਦੀ,
‘ਇਨਸਾਫ਼” ਮੇਰੇ ਯਾਰਾ ਕਰ ਚੱਲੀਏ।






Login first to enter comments.