ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਕਵਿਤਾ-12
——- ਕੂੜੇ ਦਾ ਢੇਰ ਫਰੋਲਦੀਏ ——-
(ਕੜੇ ਵਿੱਚੋਂ ਰੋਟੀ-ਟੁੱਕ ਲੱਭਦੀ ਔਰਤ ਦਾ ਦਰੱਦ ਬਿਆਨ ਕਰਦੀ ਰਾਮ ਸਿੰਘ ਇਨਸਾਫ਼ ਦੀ ਕਵਿਤਾ)
ਕੂੜੇ ਦਾ ਢੇਰ ਫਰੋਲਦੀਏ,
ਰੋਟੀ ਦਾ ਟੁੱਕ ਟਟੋਲਦੀਏ,
ਇਹ ਕੰਮ ਪੁੱਛ ਦੱਸਕੇ ਕਰਿਆ ਕਰ।
ਤੇਰਾ ਹਾਕਿਮ ਅੱਤ ਦਾ ਜ਼ਾਲਿਮ ਹੈ,
ਤੂੰ ਕਹਿਰ ਉਹਦੇ ਤੋਂ ਡਰਿਆ ਕਰ।
ਉਹਦੀ ਮੁੱਢ ਕਦੀਮੀਂ ਆਦਤ ਹੈ,
ਹੁੰਦਾ ਖਾਣਾ ਹੱਕ ਬੇਗ਼ਾਨਾ ਹੈ।
ਕੂੜੇ ਦਾ ਢੇਰ ਫਰੋਲਣ ਤੇ,
ਰੱਖਿਆ ਉਹਨੇ ਜੁਰਮਾਨਾ ਹੈ।
ਜੇ ਢੇਰ ਤੇ ਖੜੀ ਆਜ਼ਾਦ ਹੋਣਾ,
ਤਲੀ ਉਸਦੀ ਵੀ ਕੁਝ ਧਰਿਆ ਕਰ।
ਤੂੰ ਕਹਿਰ ਉਹਦੇ ਤੋਂ ਡਰਿਆ ਕਰ।
ਦੀਨ ਧਰਮ ਨੂੰ ਰੱਖ ਗਹਿਣੇ,
ਉਹਦੀ ਮਿਹਰ ਨੂੰ ਪਾਉਣਾ ਪੈਂਦਾ ਹੈ।
ਸਭ ਸ਼ਰਮਾਂ ਨੂੰ ਟੰਗ ਛਿਕੇ ਤੇ,
ਬੇਸ਼ਰਮ ਕਹਾਉਣਾ ਪੈਂਦਾ ਹੈ।
ਇਕ ਵਾਰ ਦਾ ਸਿੱਖ ਲੈ ਮਰ ਜਾਣਾ,
ਘੁੱਟ ਘੁਟ ਕੇ ਨਿੱਤ ਨਾ ਮਰਿਆ ਕਰ।
ਤੂੰ ਕਹਿਰ ਉਹਦੇ ਤੋਂ ਡਰਿਆ ਕਰ।
ਰੋਟੀ ਦਾ ਟੁੱਕ ਵੀ ਪੁੱਛੇ ਬਿਨਾਂ,
ਮੂੰਹ ਵਿੱਚ ਨਾ ਕਿਧਰੇ ਪਾ ਬੈਠੀਂ।
ਭੂੰਡਾਂ ਦੀ ਖੱਖਰ ਹਾਕਿਮ ਦੀ,
ਹੱਥ ਪਾ ਨਾ ਜਾਨ ਗਵਾ ਬੈਠੀਂ।
ਉਹਦੀ ਰਹਿਮ ਨੂੰ ਹਾਸਲ ਕਰਨਾ ਜੇ,
ਮੁੱਠੀ ਚਾਪੀ ਉਹਦੀ ਤੂੰ ਕਰਿਆ ਕਰ।
ਤੂੰ ਕਹਿਰ ਉਹਦੇ ਤੋਂ ਡਰਿਆ ਕਰ।
ਤੈਨੂੰ ਕਈ ਡੰਗ ਰੋਟੀ ਨਹੀਂ ਜੁੜਦੀ,
ਗੁੰਡਾ ਹੱਕ ਵੀ ਤੇਰਾ ਖਾਈ ਜਾਂਦਾ।
ਮੁੱਦਤਾਂ ਤੋਂ ਕਿਸਮਤ ਬਦਲਣ ਦੇ,
ਐਵੇਂ ਝੂਠੇ ਲਾਰੇ ਲਾਈ ਜਾਂਦਾ।
ਚਾਨਣ ਨੂੰ ਨ੍ਹੇਰ ਨਹੀਂ ਡੱਕ ਸਕਦਾ,
ਐਵੇਂ ਨੈਣੀਂ ਨੀਰ ਨਾ ਭਰਿਆ ਕਰ।
ਤੂੰ ਕਹਿਰ ਉਹਦੇ ਤੋਂ ਡਰਿਆ ਕਰ।
ਤੈਨੂੰ ਸਾਰੇ ਹੀ ਇਹ ਮੱਤ ਦਿੰਦੇ,
ਇਹ ਸਾਰੀ ਰੱਬ ਦੀ ਮਰਜ਼ੀ ਹੈ।
ਜੇ ਰੱਬ ਹੈ ਕਿਧਰੇ ਸੱਚੀ ਮੁੱਚੀ,
ਲੱਗੇ ਬਹੁਤ ਵੱਡੀ ਅਲਗਰਜ਼ੀ ਹੈ।
‘ਇਨਸਾਫ਼’ ਨਾ ਹੌਸਲਾ ਮੂਲ ਛੱਡੀ,
ਤੂੰ ਆਪਣੇ ਦਿਲ ਨੂੰ ਦਰਿਆ ਕਰ।
ਤੂੰ ਕਹਿਰ ਉਹਦੇ ਤੋਂ ਡਰਿਆ ਕਰ।
ਕੂੜੇ ਦਾ ਢੇਰ ਫਰੋਲਦੀਏ,
ਰੋਟੀ ਦਾ ਟੁੱਕ ਟਟੋਲਦੀਏ,
ਇਹ ਕੰਮ ਪੁੱਛ ਦੱਸਕੇ ਕਰਿਆ ਕਰ।
ਤੇਰਾ ਹਾਕਿਮ ਅੱਤ ਦਾ ਜ਼ਾਲਮ ਹੈ,
ਤੂੰ ਕਹਿਰ ਉਹਦੇ ਤੋਂ ਡਰਿਆ ਕਰ।






Login first to enter comments.