Friday, 30 Jan 2026

“ ਸਹੀ ਸਿਰਨਾਵਾਂ ਲਿਖਿਆ ਕਰ”- ਰਾਮ ਸਿੰਘ ਇਨਸਾਫ਼

ਕਵਿਤਾ 11

———- ਸਹੀ ਸਿਰਨਾਵਾਂ ਲਿਖਿਆ ਕਰ ——-
ਖ਼ਤ ਸੱਜਣਾ ਨਜ਼ਰੀ ਕਰਨਾ ਜੇ ਤਾਂ ਤੂੰ ਸਹੀ ਸਿਰਨਾਵਾਂ ਲਿਖਿਆ ਕਰ।
ਤੂੰ ਖ਼ੈਰ ਸੱਜਣ ਦੀ ਮੰਗਿਆ ਕਰ ਉਹਨੂੰ ਦਿਲੋਂ ਦੁਆਵਾਂ ਲਿਖਿਆ ਕਰ।
ਲੱਚਰ ਜਿਹਾ ਸਾਹਿਤ ਲਿਖ ਲਿਖ ਕੇ, ਕਿਉਂ ਐਵੇਂ ਢੇਰ ਲਗਾਈ ਜਾਨੈ,
ਚੱਜ ਦਾ ਸ਼ੇਅਰ ਹੀ ਲਿਖਿਆ ਕਰ, ਭਾਵੇਂ ਟਾਵਾਂ ਟਾਵਾਂ ਲਿਖਿਆ ਕਰ।
ਸਾਰਾ ਜੱਗ ਹੀ ਉਸਦੀ ਥਾਂ ਹੁੰਦਾ, ਥਾਂ ਜਿਸਦੇ ਨਹੀਂ ਕੋਈ ਨਾਂਅ ਹੁੰਦਾ,
ਗ਼ਲਤੀ ਨਾਲ ਉਸਦੇ ਨਾਂਅ ਪਿਛੋਂ, ਨਾ ਕਦੇ ਨਿਥਾਵਾਂ ਲਿਖਿਆ ਕਰ।
ਤੇਰੇ ਉੱਤੋਂ ਸਭ ਕੁਝ ਵਾਰ ਦਿੱਤਾ, ਤੇਰੇ ਨਾਂਅ ਤੇ ਜ਼ਿੰਦ ਮੈਂ ਲਾ ਦਿਤੀ,
ਲਿਖ ਮੇਰੇ ਦਿਲ ਤੇ ਜੋ ਚਾਹੁਨੈ, ਉਹ ਨਾਲ ਤੂੰ ਚਾਅਵਾਂ ਲਿਖਿਆ ਕਰ।
ਬਿਰਹੋਂ ਦੀ ਗੱਲ ਵੀ ਲਿਖਿਆ ਕਰ, ਗਿਲੇ ਸ਼ਿਕਵੇ ਰੱਜ-2 ਲਿਖ ਲੈ ਤੂੰ,
ਬਾਹੀਂ ਰੰਗਲਾ ਚੂੜਾ ਲਿਖ ਦੇਵੀਂ, ਗ਼ਲ ਗੋਰੀਆਂ ਬਾਹਾਂ ਲਿਖਿਆ ਕਰ।
ਜੰਗ ਦੇਸ਼ਾਂ ਦੀ ਆਪਸ ਵਿਚ ਹੋਵੇ, ਸਰਕਾਰਾਂ ਤੇ ਅੱਤਵਾਦੀਆਂ ਵਿੱਚ,
ਉਹ ਚਾਲ ਸ਼ੈਤਾਨੀ ਲਿਖਿਆ ਕਰ, ਬਿਨ ਦੋਸ਼ ਸਜ਼ਾਵਾਂ ਲਿਖਿਆ ਕਰ।
ਵੇਖੋ ਰੱਬ ਨੇ ਪੂਰੀਆਂ ਰੀਝਾਂ ਨਾਲ, ਮਹਿਬੂਬ ਇਹ ਤੇਰਾ ਬਣਾਇਆ ਹੈ,
ਕੈਦ ਕਰਕੇ ਨਖ਼ਰੇ ਸ਼ੇਅਰਾਂ ਵਿਚ, ਤੂੰ ਸ਼ੋਖ ਅਦਾਵਾਂ ਲਿਖਿਆ ਕਰ।
ਗੱਲ ਕਰਦੈਂ ਜੇ ਤੂੰ ਬੰਗਲਿਆਂ ਦੀ, ਝੁੱਗੀਆਂ ਦਾ ਵੀ ਜ਼ਿਕਰ ਕਰੀਂ,
ਵੀਰ ਲੱਭਦੀ ਭੈਣ ਨੂੰ ਯਾਦ ਕਰੀਂ, ਵਿਧਵਾ ਦੀਆਂ ਧਾਹਾਂ ਲਿਖਿਆ ਕਰ।
ਅਨਾਥਾਂ ਦਾ ਵਿਲਕਣਾ ਵੀ ਲਿਖ ਲੈ, ਲੁੱਟੀਆਂ ਇੱਜ਼ਤਾਂ ਨੂੰ ਯਾਦ ਰੱਖੀਂ,
ਬੁੱਢਿਆਂ ਦੀ ਡਗੋਰੀ ਚਿੱਤ ਰੱਖੀਂ, ਗੋਦੋਂ ਸੁੰਝੀਆਂ ਮਾਵਾਂ ਲਿਖਿਆ ਕਰ।
‘ਇਨਸਾਫ਼’ ਕਲਮ ਦੀ ਸਹੁੰ ਕਵੀਆ, ਕਦੇ ਝੂਠ ਨੂੰ ਸੱਚ ਬਣਾਈ ਨਾ,
ਧੁੱਪਾਂ ਨੂੰ ਧੁੱਪਾਂ ਲਿਖਿਆ ਕਰ, ਛਾਵਾਂ ਨੂੰ ਛਾਵਾਂ ਲਿਖਿਆ ਕਰ।
ਖ਼ਤ ਸੱਜਣਾ ਨਜ਼ਰੀ ਕਰਨਾ ਜੇ, ਤਾਂ ਸਹੀ ਸਿਰਨਾਵਾਂ ਲਿਖਿਆ ਕਰ।
ਖ਼ੈਰ ਸੱਜਣ ਦੀ ਮੰਗਿਆ ਕਰ, ਉਹਨੂੰ ਦਿਲੋਂ ਦੁਆਵਾਂ ਲਿਖਿਆ ਕਰ।


97

Share News

Login first to enter comments.

Latest News

Number of Visitors - 133008