Friday, 30 Jan 2026

।— ਦਿਸ਼ਾ ਹੀਣ ਲੋਕ ——। {ਰਾਮ ਸਿੰਘ ਇਨਸਾਫ਼ ਦੀ ਕਲਮ ਤੋਂ}

ਦਸਵੀਂ

।— ਦਿਸ਼ਾ ਹੀਣ ਲੋਕ ——।
ਭੁੱਖੇ ਨੰਗੇ ਲੋਕ ਨੇ ਮਰਦੇ, ਆਪਸ ਦੇ ਵਿੱਚ ਲੜ ਕੇ।
ਖੁਸ਼ੀਆਂ ਲੁੱਟਣ ਵਾਲਾ ਬੰਦਾ, ਵੇਖੇ ਤਮਾਸ਼ਾ ਖੜ੍ਹ ਕੇ। 

ਰੋਟੀ ਦੇ ਇੱਕ ਟੁੱਕ ਲਈ ਬੰਦਾ, ਪਾਪੜ ਵੇਲੇ ਛੱਤੀ,
ਵਿਹਲੇ ਬੰਦੇ ਦੀ ਕਾਰ ਨੂੰ ਵੇਖੋ, ਲਾਲ ਲੱਗੀ ਹੈ ਬੱਤੀ,
ਡਾਕੂ ਗਿਣ ਟੁੱਕ ਭੇਜ ਰਿਹਾ ਹੈ, ਉਤਲਿਆਂ ਨੂੰ ਪੱਤੀ,
ਗੁੰਡੇਆਂ ਦੇ ਨਾਲ ਪਾਓ ਯਰਾਨਾ, ਵਾਅ ਨਾ ਲੱਗੂ ਤੱਤੀ,
ਮਰ ਜਾਂਦੇ ਗਰੀਬ ਵਿਚਾਰੇ, ਚਿੰਤਾ ਦੇ ਵਿੱਚ ਸੜ ਕੇ। 
ਭੁੱਖੇ ਨੰਗੇ ਲੋਕ ਨੇ ਮਰਦੇ, ਆਪਸ ਦੇ ਵਿੱਚ ਲੜ ਕੇ।
ਹਾਲਤ ਐਨੀ ਹੋਈ ਹੈ ਮਾੜੀ, ਕੀ ਕਰੀਏ ਮੇਰੇ ਰਾਮਾ,
ਥਾਂ ਥਾਂ ਤੋਂ ਵੇਖੋ ਪਾਟਾ ਝੱਗਾ, ਥਾਂ ਥਾਂ ਉੱਤੋਂ ਪਜਾਮਾ,
ਵਿਹਲੜ ਬੰਦਾ ਮੌਜਾਂ ਮਾਣੇ, ਤਰਲੇ ਲੈ ਰਿਹਾ ਕਾਮਾ,
ਹਰ ਵਾਰੀ ਨੇਤਾ ਲਾਰੇ ਲਾਵੇ, ਕਰਕੇ ਨਵਾਂ ਡਰਾਮਾ,
ਗੁੰਡਿਆਂ ਦੀ ਮਰਜ਼ੀ ਦੇ ਉੱਤੇ, ਦਿਲ ਸ਼ਰੀਫ਼ ਦਾ ਧੜਕੇ।
ਭੁੱਖੇ ਨੰਗੇ ਲੋਕ ਨੇ ਮਰਦੇ, ਆਪਸ ਦੇ ਵਿੱਚ ਲੜ ਕੇ।
ਜਿਹੜਾ ਵੇਖੋ ਹਾਸੇ ਲੁੱਟੇ, ਚਿੰਤਾ ਵਿੱਚ ਪਿਆ ਸਾੜੇ,
ਜਿਹੜਾ ਇੱਕ 2 ਟੁੱਕ ਵਾਸਤੇ, ਛੱਤੀ ਕਢਾਉਂਦਾ ਹਾੜੇ,
ਜਿਹੜਾ ਇਥੇ ਚੌਧਰ ਦੇ ਲਈ, ਇਕ ਦੂਜੇ ਨੂੰ ਪਾੜੇ,
ਆਪਣੇ ਪੈਰੀਂ ਆਪ ਹੀ ਮਾਰਨ, ਵੋਟਾਂ ਵੇਲੇ ਕੁਹਾੜੇ,
ਲਾਹਨਤ ਪੱਟੇ ਖੁਸ਼ ਹੁੰਦੇ ਨੇ, ਸੂਲੀਆਂ ਉੱਤੇ ਚੜ੍ਹ ਕੇ।
ਭੁੱਖੇ ਨੰਗੇ ਲੋਕ ਨੇ ਮਰਦੇ, ਆਪਸ ਦੇ ਵਿੱਚ ਲੜ ਕੇ।
ਬਿਨਾਂ ਕਸੂਰ ਤੋਂ ਲੱਖਾਂ ਬੰਦੇ, ਥਾਣੇ ਜੇਲ੍ਹੀਂ  ਡੱਕੇ,
ਅਜ਼ਾਦੀ ਵਿੱਚੋਂ ਹਿੱਸੇ ਆਏ, ਪੰਡਾਂ ਬੰਨ੍ਹ ਬੰਨ੍ਹ ਧੱਕੇ,
ਇਹਨਾਂ ਉੱਤੇ ਰਾਜ ਨੇ ਕਰਦੇ, ਠੱਗ ਤੇ ਚੋਰ ਉਚੱਕੇ,
ਉਹ ਜ਼ੁਲਮ ਨਾ ਕਰਦੇ ਥੱਕੇ, ਇਹ ਸਹਿੰਦੇ ਨਾ ਅੱਕੇ,
‘ਇਨਸਾਫ਼’ ਹੋਣਾ ਨਹੀਂ ਗੁਜ਼ਾਰਾ, ਏਦਾਂ ਅੰਦਰੀਂ ਵੜ ਕੇ।


58

Share News

Login first to enter comments.

Latest News

Number of Visitors - 132978